ਸੁੰਦਰ ਕੁੜੀਆਂ ਦੇ ਮੁਕਾਬਲੇ ਵਾਲੇ ਪੋਸਟਰ ਮਾਮਲੇ ਵਿਚ 2 ਮੁਲਜ਼ਮ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

23 ਅਕਤੂਬਰ ਨੂੰ ਕੁੱਝ ਵਿਅਕਤੀਆਂ ਵੱਲੋਂ ਸੁੰਦਰਤਾ ਮੁਕਾਬਲਾ ਕਰਵਾਇਆ ਜਾਣਾ ਸੀ, ਜਿਸ ਨੂੰ ਲੈ ਕੇ ਦੋ ਪੋਸਟਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਲਗਾਏ ਗਏ ਹਨ

File Photo

 

ਬਠਿੰਡਾ  : ਸੋਸ਼ਲ਼ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਸੁੰਦਰ ਕੁੜੀਆਂ ਦੇ ਮੁਕਾਬਲੇ ਵਾਲੇ ਪੋਸਟਰ 'ਤੇ ਬਠਿੰਡਾ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ ਤੇ ਇਸ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸੁਰਿੰਦਰ ਸਿੰਘ ਅਤੇ ਰਾਮ ਦਿਆਲ ਸਿੰਘ ਦੇ ਖ਼ਿਲਾਫ਼ ਥਾਣਾ ਕੋਟਲੀਵਾਲਾ ਵਿਖੇ 420,419,501,509,109 ਆਈ. ਪੀ. ਸੀ. , ਅਸ਼ਲੀਲ ਪ੍ਰਤੀਨਿਧਤਾ ਐਕਟ ਦੀ ਧਾਰਾ 6 ਅਤੇ ਪੰਜਾਬ ਪ੍ਰਾਪਰਟੀ ਦੀ ਬਦਨਾਮੀ ਰੋਕਥਾਮ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਬਣਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਗ੍ਰਿਫ਼ਤਾਰ ਕੀਤੇ ਦੋ ਮੁਲਜ਼ਮ ਪਿਓ-ਪੁੱਤ ਹਨ।

ਜ਼ਿਕਰਯੋਗ ਹੈ ਕਿ ਬਠਿੰਡਾ ਦੇ ਇਕ ਹੋਟਲ 'ਚ ਦੀਵਾਲੀ ਤੋਂ ਕੁਝ ਦਿਨ ਪਹਿਲਾਂ 23 ਅਕਤੂਬਰ ਨੂੰ ਕੁੱਝ ਵਿਅਕਤੀਆਂ ਵੱਲੋਂ ਸੁੰਦਰਤਾ ਮੁਕਾਬਲਾ ਕਰਵਾਇਆ ਜਾਣਾ ਸੀ, ਜਿਸ ਨੂੰ ਲੈ ਕੇ ਦੋ ਪੋਸਟਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਲਗਾਏ ਗਏ ਹਨ। ਇਸ ਮੁਕਾਬਲੇ ਦੇ ਪੋਸਟਰਾਂ ’ਤੇ ਜਨਰਲ ਵਰਗ ਨਾਲ ਸਬੰਧਤ ਲੜਕੀਆਂ ਦੇ ਸੁੰਦਰਤਾ ਮੁਕਾਬਲਿਆਂ ਦੀ ਰਜਿਸਟ੍ਰੇਸ਼ਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਇੰਨਾ ਹੀ ਨਹੀਂ, ਇਨ੍ਹਾਂ ਪੋਸਟਰਾਂ ’ਤੇ ਲਿਖਿਆ ਗਿਆ ਹੈ ਕਿ ਬਿਊਟੀ ਕਾਂਟੈਸਟ ’ਚ ਟਾਪ ਕਰਨ ਵਾਲੀ ਲੜਕੀ ਨੂੰ ਕੈਨੇਡਾ ਦੇ ਰਹਿਣ ਵਾਲੇ ਲੜਕੇ ਨਾਲ ਵਿਆਹ ਕਰਨ ਦੀ ਪੇਸ਼ਕਸ਼ ਵੀ ਕੀਤੀ ਜਾਵੇਗੀ। ਉਪਰੋਕਤ ਪੋਸਟਰ ਫੇਸਬੁੱਕ, ਵਟਸਐਪ ਅਤੇ ਹੋਰ ਸੋਸ਼ਲ ਸਾਈਟਾਂ ’ਤੇ ਵਾਇਰਲ ਹੋ ਰਹੇ ਹਨ। ਦੱਸ ਦਈਏ ਕਿ ਪੁਲਿਸ ਨੇ ਇਸ 'ਤੇ ਜਲਦ ਐਕਸ਼ਨ ਲੈਂਦਿਆਂ ਬੀਤੇ ਦਿਨ ਐੱਫ. ਆਈ. ਆਰ. ਦਰਜ ਕੀਤੀ ਸੀ ਅਤੇ ਅੱਜ ਦੋ ਮੁਲਜ਼ਮ ਕਾਬੂ ਕੀਤੇ ਹਨ।