ਬੇਅਦਬੀ, ਗੋਲੀਕਾਂਡ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ 'ਤੇ ਕਢਿਆ ਵਿਸ਼ਾਲ ਰੋਸ ਮਾਰਚ
ਬੇਅਦਬੀ, ਗੋਲੀਕਾਂਡ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ 'ਤੇ ਕਢਿਆ ਵਿਸ਼ਾਲ ਰੋਸ ਮਾਰਚ
ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਕੀਤੀ ਨਾਹਰੇਬਾਜ਼ੀ
ਕੋਟਕਪੂਰਾ, 13 ਅਕਤੂਬਰ (ਗੁਰਿੰਦਰ ਸਿੰਘ) : ਬੇਅਦਬੀ ਮਾਮਲਿਆਂ ਨਾਲ ਜੁੜੀਆਂ ਘਟਨਾਵਾਂ ਦੇ 7 ਸਾਲ ਬੀਤਣ ਉਪਰੰਤ ਵੀ ਇਨਸਾਫ਼ ਨਾ ਮਿਲਣ 'ਤੇ ਦਮਦਮੀ ਟਕਸਾਲ ਦੇ ਆਗੂ ਤੇ ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਵਿਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਸੈਂਕੜੇ ਵਾਹਨਾਂ ਦੇ ਸ਼ੁਰੂ ਹੋਏ ਰੋਸ ਮਾਰਚ ਨੇ ਸਾਹੋਕੇ, ਮੱਲਕੇ, ਪੰਜਗਰਾਈਾ ਆਦਿਕ ਪਿੰਡਾਂ ਰਾਹੀਂ ਸਥਾਨਕ ਬੱਤੀਆਂ ਵਾਲਾ ਚੌਕ ਵਿਚ 14 ਅਕਤੂਬਰ 2015 ਨੂੰ ਵਾਪਰੇ ਘਟਨਾ ਸਥਾਨ ਵਾਲੀ ਥਾਂ 'ਤੇ ਰੋਸ ਪ੍ਰਦਰਸ਼ਨ ਕਰਦਿਆਂ ਨਾਹਰੇਬਾਜ਼ੀ ਕੀਤੀ |
ਅਪਣੇ ਸੰਬੋਧਨ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਦਾਅਵਾ ਕੀਤਾ ਕਿ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਕਾਂਡ ਅਤੇ ਗੋਲੀਕਾਂਡ ਵਰਗੇ ਸੰਵੇਦਨਸ਼ੀਲ ਮੁੱਦਿਆਂ 'ਤੇ ਸਰਕਾਰਾਂ ਵਲੋਂ ਘੱਟ ਗਿਣਤੀਆਂ ਨਾਲ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ | ਭਾਈ ਅਜਨਾਲਾ ਸਮੇਤ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬੂਟਾ ਸਿੰਘ ਰਣਸੀਂਹ, ਗੁਰਦੀਪ ਸਿੰਘ ਬਠਿੰਡਾ, ਸਤਨਾਮ ਸਿੰਘ ਮਨਾਵਾ, ਬਲਵਿੰਦਰ ਸਿੰਘ, ਸਿਕੰਦਰ ਸਿੰਘ, ਰਣਜੀਤ ਸਿੰਘ ਅਤੇ ਪਰਮਜੀਤ ਸਿੰਘ ਆਦਿ ਨੇ ਬੇਅਦਬੀ ਮਾਮਲਿਆਂ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਮੇਧ ਸਿੰਘ ਸੈਣੀ ਅਤੇ ਸੌਦਾ ਸਾਧ ਨੂੰ ਮੁੱਖ ਦੋਸ਼ੀ ਗਰਦਾਨਦਿਆਂ ਆਖਿਆ ਕਿ ਜੇਕਰ ਪਹਿਲੇ ਦਿਨ ਤੋਂ ਹੀ ਉਕਤਾਨ ਵਿਅਕਤੀਆਂ ਵਿਰੁਧ ਕਾਰਵਾਈ ਹੁੰਦੀ ਤਾਂ ਸਾਨੂੰ ਨਾ ਤਾਂ ਮੋਰਚੇ ਲਾਉਣੇ ਪੈਂਦੇ ਅਤੇ ਨਾ ਹੀ ਰੋਸ ਮਾਰਚ ਜਾਂ ਰੋਸ ਪ੍ਰਦਰਸ਼ਨ ਕਰਨ ਦੀ ਲੋੜ ਪੈਂਦੀ |
ਬੁਲਾਰਿਆਂ ਨੇ ਪੰਥ ਵਿਚ ਫੁੱਟ ਜਾਂ ਮਤਭੇਦ ਦੇ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਬੇਅਦਬੀ, ਗੋਲੀਕਾਂਡ ਅਤੇ
ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ 'ਤੇ ਪੰਥ ਇਕਜੁਟ ਹੈ ਅਤੇ 14 ਅਕਤੂਬਰ ਨੂੰ ਬਹਿਬਲ ਵਿਖੇ ਸ਼ਹੀਦ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਤੇ ਗੁਰਜੀਤ ਸਿੰਘ ਸਰਾਵਾਂ ਦੇ ਸ਼ਰਧਾਂਜਲੀ ਸਮਾਗਮ ਮੌਕੇ ਦਿਤੇ ਜਾਣ ਵਾਲੇ ਪੋ੍ਰਗਰਾਮ ਵਿਚ ਸਮੂਹ ਸਿੱਖ ਸੰਗਤਾਂ ਪਾਰਟੀਬਾਜ਼ੀ ਅਤੇ ਧੜੇਬੰਦੀ ਤੋਂ ਉਪਰ ਉਠ ਕੇ ਸ਼ਮੂਲੀਅਤ ਕਰਨਗੀਆਂ | ਉਂਝ ਭਾਈ ਅਮਰੀਕ ਸਿੰਘ ਅਜਨਾਲਾ ਨੇ ਆਖਿਆ ਕਿ 4-5 ਦਿਨ ਵਿਚ ਸਾਰੀਆਂ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਅਤੇ ਪੰਥਦਰਦੀਆਂ ਨਾਲ ਮੀਟਿੰਗ ਕਰ ਕੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਅਤੇ ਵਿਉਂਤਬੰਦੀ ਐਲਾਨ ਦਿਤੀ ਜਾਵੇਗੀ |