ਭਲਕੇ ਸਿੱਖ ਅਜਾਇਬ ਘਰ ਵਿਚ ਲੱਗੇਗੀ ਬਾਬਾ ਰਾਏ ਬੁਲਾਰ ਅਤੇ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ

ਏਜੰਸੀ

ਖ਼ਬਰਾਂ, ਪੰਜਾਬ

ਰਾਏ ਬੁਲਾਰ ਪ੍ਰਵਾਰ ਦੀ ਚਿਰੋਕਣੀ ਮੰਗ ਹੋਈ ਪੂਰੀ 

Balwinder Singh Jatana

 

ਅੰਮ੍ਰਿਤਸਰ (ਪਰਮਿੰਦਰ): ਬਾਬੇ ਨਾਨਕ ਦੇ ਸ਼ਰਧਾਲੂ ਬਾਬਾ ਰਾਏ ਬੁਲਾਰ ਤੇ ਬਲਵਿੰਦਰ ਸਿੰਘ ਜਟਾਣਾ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਹੋਣ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ 15 ਅਕਤੂਬਰ ਨੂੰ ਕੇਂਦਰੀ ਸਿੱਖ ਅਜਾਇਬ ਘਰ ਵਿਚ ਪੰਜ ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸਥਾਪਤ ਕਰਨ ਜਾ ਰਹੇ ਹਨ ਜਿਨ੍ਹਾਂ ਵਿਚ ਬਾਬਾ ਰਾਏ ਬੁਲਾਰ, ਭਾਈ ਬਲਵਿੰਦਰ ਸਿੰਘ ਜਟਾਣਾ, ਪ੍ਰਿੰਸੀਪਲ ਸੁਰਿੰਦਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਦੀਆਂ ਤਸਵੀਰਾਂ ਵੀ ਸ਼ਾਮਲ ਹਨ।

ਰਾਏ ਬੁਲਾਰ ਦੇ ਨਨਕਾਣਾ ਸਾਹਿਬ ਵਿਚ ਵਸਦੇ ਪ੍ਰਵਾਰ ਦੀ ਲੰਮੇ ਸਮੇ ਤੋਂ ਮੰਗ ਸੀ ਕਿ ਉਨ੍ਹਾਂ ਦੀ ਤਸਵੀਰ ਨੂੰ ਕੇਂਦਰੀ ਸਿੱਖ ਅਜਾਇਬ ਘਰ ਵਿਚ ਸਥਾਪਤ ਕੀਤਾ ਜਾਵੇ। ਪ੍ਰਵਾਰ ਚਾਹੁੰਦਾ ਸੀ ਕਿ ਇਹ ਤਸਵੀਰ ਰਾਏ ਪ੍ਰਵਾਰ ਦੀ ਹਾਜ਼ਰੀ ਵਿਚ ਸੁਸ਼ੋਭਿਤ ਕੀਤੀ ਜਾਵੇ ਪਰ ਵੀਜ਼ਾ ਨਾ ਮਿਲਣ ਕਾਰਨ ਇਹ ਸੰਭਵ ਨਹੀਂ ਹੋ ਸਕਿਆ। 2019 ਦੇ ਜੂਨ ਮਹੀਨੇ ਵਿਚ ਜਦ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਮੁੱਖ ਸਕੱਤਰ ਡਾਕਟਰ ਰੂਪ ਸਿੰਘ 550 ਸਾਲਾ ਸਮਾਗਮਾਂ ਦੀ ਮੁਢਲੀ ਰੂਪਰੇਖਾ ਤਿਆਰ ਕਰਨ ਲਈ ਨਨਕਾਣਾ ਸਾਹਿਬ ਗਏ ਸਨ ਤਾਂ ਰਾਏ ਪ੍ਰਵਾਰ ਦੇ 19ਵੇਂ ਵੰਸ਼ਜ ਰਾਏ ਸਲੀਮ ਅਕਰਮ ਭੱਟੀ ਤੇ ਰਾਏ ਬਿਲਾਲ ਭੱਟੀ ਨੇ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਵੀ ਕਿਹਾ ਸੀ ਕਿ ਇਸ ਤਸਵੀਰ ਨੂੰ ਜਲਦ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਇਆ ਜਾਵੇ। 

ਅੱਜ ਜਦ ਇਹ ਪਤਾ ਲੱਗਾ ਤਾਂ ਰਾਏ ਬੁਲਾਰ ਦੇ 18ਵੇਂ ਵੰਸ ਰਾਏ ਅਕਰਮ ਭੱਟੀ,  19ਵੇਂ ਵੰਸ਼ਜ ਰਾਏ ਸਲੀਮ ਅਕਰਮ ਭੱਟੀ, ਰਾਏ ਬਿਲਾਲ ਅਕਰਮ ਭੱਟੀ ਅਤੇ 20ਵੇਂ ਵੰਸ਼ਜ ਰਾਏ ਵਲੀਦ ਅਕਰਮ ਭੱਟੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਧਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਸੀ ਉਸ ਸਮਾਗਮ ਵਿਚ ਸਰੀਰਕ ਤੌਰ ’ਤੇ ਹਾਜ਼ਰ ਨਹੀਂ ਹੋਵਾਂਗੇ ਪਰ ਸਿੱਖਾਂ ਦਾ ਜੋ ਪਿਆਰ ਰਾਏ ਬੁਲਾਰ ਸਾਹਿਬ ਨਾਲ ਹੈ ਉਸ ਨੂੰ ਅਸੀ ਦੂਰ ਬੈਠੇ ਵੀ ਮਹਿਸੂਸ ਕਰਦੇ ਹਾਂ। ਦੇਸ਼ ਵਿਦੇਸ਼ ਵਿਚ ਵਸਦੇ ਸਿੱਖ ਸਾਨੂੰ ਜਿਸ ਤਰ੍ਹਾਂ ਨਾਲ ਵਧਾਈਆਂ ਦੇ ਕੇ ਨਿਵਾਜ ਰਹੇ ਹਨ ਇਹ ਸਮਾਂ ਸਾਡੀ ਜ਼ਿੰਦਗੀ ਦੇ ਵਧੀਆ ਸਮਿਆਂ ਵਿਚੋਂ ਇਕ ਹੈ।