ਲੁਧਿਆਣਾ 'ਚ ਬੈਂਕ ਮੁਲਾਜ਼ਮ ਮੁਨੀਸ਼ ਸ਼ਰਮਾ ਨਿਕਲਿਆ ਨਸ਼ਾ ਤਸਕਰ, 86 ਲੱਖ ਦੀ ਹੈਰੋਇਨ ਬਰਾਮਦ
ਅੰਮ੍ਰਿਤਸਰ ਤੋਂ ਲਿਆ ਕੇ ਕਰਦਾ ਸੀ ਨਸ਼ਾ ਸਪਲਾਈ
ਲੁਧਿਆਣਾ: ਲੁਧਿਆਣਾ ਵਿਚ ਇਕ ਨਿੱਜੀ ਬੈਂਕ ਦੇ ਲੋਨ ਵਿਭਾਗ ਦਾ ਇਕ ਮੁਲਾਜ਼ਮ ਹੈਰੋਇਨ ਸਮੱਗਲਰ ਨਿਕਲਿਆ ਹੈ। ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਸਮੱਗਲਰ ਦੇ ਬੈਗ 'ਚੋਂ ਕਰੀਬ 86 ਲੱਖ ਰੁਪਏ ਦੀ 1 ਕਿਲੋ 720 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮ ਦੀ ਪਛਾਣ ਮੁਨੀਸ਼ ਸ਼ਰਮਾ ਮਨੀ ਵਾਸੀ ਲੇਬਰ ਕਲੋਨੀ, ਮੁਹੱਲਾ ਖੰਡ, ਅੰਮ੍ਰਿਤਸਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਬੰਗਾ 'ਚ ਨੌਜਵਾਨ ਦਾ ਦਿਨ-ਦਿਹਾੜੇ ਬੇਰਹਿਮੀ ਨਾਲ ਕਤਲ
ਐਸਟੀਐਫ ਲੁਧਿਆਣਾ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦਸਿਆ ਕਿ ਮੁਨੀਸ਼ ਸ਼ਰਮਾ ਨੂੰ ਮੁਖ਼ਬਰ ਦੀ ਸੂਚਨਾ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਬੈਗ ਵਿੱਚ ਹੈਰੋਇਨ ਦੀ ਵੱਡੀ ਖੇਪ ਛੁਪੀ ਹੋਈ ਸੀ। ਮੁਲਜ਼ਮ ਮੁਨੀਸ਼ ਸ਼ਰਮਾ ਇੰਡਸਇੰਡ ਬੈਂਕ ਪੱਖੋਵਾਲ ਰੋਡ ਲੁਧਿਆਣਾ ਦੇ ਲੋਨ ਵਿਭਾਗ ਵਿੱਚ ਕੰਮ ਕਰਦਾ ਸੀ। ਇਸ ਦੀ ਆੜ ਵਿੱਚ ਉਹ ਹੈਰੋਇਨ ਦੀ ਤਸਕਰੀ ਦਾ ਧੰਦਾ ਕਰ ਰਿਹਾ ਸੀ। ਉਹ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਤੋਂ ਸਸਤੇ ਭਾਅ 'ਤੇ ਹੈਰੋਇਨ ਲਿਆ ਕੇ ਲੁਧਿਆਣਾ 'ਚ ਮਹਿੰਗੇ ਭਾਅ 'ਤੇ ਸਪਲਾਈ ਕਰਦਾ ਸੀ।
ਇਹ ਵੀ ਪੜ੍ਹੋ: ਮੋਗਾ 'ਚ 1 ਕਿਲੋ ਅਫੀਮ ਸਮੇਤ 2 ਨਸ਼ਾ ਤਸਕਰ ਗ੍ਰਿਫ਼ਤਾਰ, ਦੋਵਾਂ ਖਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ
ਮੁਲਜ਼ਮ ਮੁਨੀਸ਼ ਸ਼ਰਮਾ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਲਈ ਲੁਹਾਰਾ ਤੋਂ ਈਸ਼ਰ ਨਗਰ ਪੁਲੀ ਵੱਲ ਮੋਟਰਸਾਈਕਲ ’ਤੇ ਜਾ ਰਿਹਾ ਸੀ। ਐਸਟੀਐਫ ਦੇ ਡੀਐਸਪੀ ਅਜੇ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਉਸ ਨੂੰ ਕਾਬੂ ਕੀਤਾ। ਕਾਲੇ ਬੈਗ ਦੀ ਤਲਾਸ਼ੀ ਲੈਣ 'ਤੇ 1 ਕਿਲੋ 720 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਕਈ ਵੱਡੇ ਤਸਕਰਾਂ ਦੇ ਨਾਂ ਸਾਹਮਣੇ ਆਉਣ ਦੀ ਉਮੀਦ ਹੈ।