ਫਰੀਦਕੋਟ ਦੇ ਸ਼ਾਹੀ ਪਰਵਾਰ ਦੀ 25 ਹਜ਼ਾਰ ਕਰੋੜ ਦੀ ਜ਼ਾਇਦਾਦ ਦੇ ਵਾਰਿਸ ਲਈ ਵਿਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਰੀਦਕੋਟ ਰਿਆਸਤ ਦੇ ਆਖ਼ਰੀ ਸ਼ਾਸਕ ਰਹੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਧੀ ਦੀਪਇੰਦਰ ਕੌਰ ਮਹਿਤਾਬ ਦੇ...

Controversy for the heirs of the Faridkot royal family's property...

ਫਰੀਦਕੋਟ (ਪੀਟੀਆਈ) : ਫਰੀਦਕੋਟ ਰਿਆਸਤ ਦੇ ਆਖ਼ਰੀ ਸ਼ਾਸਕ ਰਹੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਧੀ ਦੀਪਇੰਦਰ ਕੌਰ ਮਹਿਤਾਬ ਦੇ ਦੇਹਾਂਤ ਤੋਂ ਬਾਅਦ ਸ਼ਾਹੀ ਪਰਵਾਰ ਦੀ 25 ਹਜ਼ਾਰ ਕਰੋੜ ਦੀ ਜ਼ਾਇਦਾਦ ਦੇ ਵਾਰਿਸ ਦਾ ਮਾਮਲਾ ਉਲਝ ਸਕਦਾ ਹੈ। ਇਸ ਵਸੀਅਤ ਨੂੰ ਮਹਾਰਾਜਾ ਦੀ ਸਭ ਤੋਂ ਵੱਡੀ ਧੀ ਅਮ੍ਰਿਤ ਕੌਰ ਨੇ ਅਦਾਲਤ ਨੂੰ ਚੁਣੌਤੀ ਦਿਤੀ ਹੋਈ ਹੈ, ਜਿਨ੍ਹਾਂ ਨੂੰ ਮਹਾਰਾਜਾ ਨੇ ਵਸੀਅਤ ਵਿਚੋਂ ਬੇਦਖ਼ਲ ਕਰ ਦਿਤਾ ਸੀ।

ਦੱਸਿਆ ਜਾਂਦਾ ਹੈ ਕਿ ਅਕਤੂਬਰ 1981 ਵਿਚ ਰਾਜਾ ਹਰਿੰਦਰ ਸਿੰਘ ਨੇ ਇਕਲੌਤੇ ਪੁੱਤਰ ਹਰਮਹਿੰਦਰ ਸਿੰਘ ਦੀ ਮੌਤ ਤੋਂ ਬਾਅਦ ਸ਼ਾਹੀ ਜ਼ਾਇਦਾਦ ਦੇ ਬਾਰੇ ਵਿਚ ਵਸੀਅਤ ਲਿਖੀ ਗਈ ਸੀ। ਵਸੀਅਤ ਵਿਚ ਵੱਡੀ ਧੀ ਅਮ੍ਰਿਤ ਕੌਰ ਨੂੰ ਬੇਦਖ਼ਲ ਕਰ ਦਿਤਾ ਸੀ ਅਤੇ ਪੂਰੀ ਜ਼ਾਇਦਾਦ ਦੀ ਨਿਗਰਾਨੀ ਲਈ ਮਹਾਰਾਵਲ ਖੀਵਾਜੀ ਟਰੱਸਟ ਦੀ ਸਥਾਪਨਾ ਕਰ ਦਿਤੀ ਸੀ। ਟਰੱਸਟ ਦੀ ਚੇਅਰਪਰਸਨ ਧੀ ਦੀਪਇੰਦਰ ਕੌਰ ਨੂੰ ਬਣਾਇਆ ਅਤੇ ਛੋਟੀ ਧੀ ਮਹੀਪਇੰਦਰ ਕੌਰ ਨੂੰ ਵਾਇਸ ਚੇਅਰਪਰਸਨ ਬਣਾਇਆ ਸੀ।

1989 ਵਿਚ ਰਾਜਾ ਹਰਿੰਦਰ ਸਿੰਘ ਬਰਾੜ ਦੀ ਮੌਤ ਹੋ ਗਈ। ਟਰੱਸਟ ਨੇ ਸ਼ਾਹੀ ਪਰਵਾਰ ਦੇ ਸ਼ੀਸ਼ ਮਹਿਲ ਅਤੇ ਰਾਜ ਮਹਿਲ ਸਮੇਤ ਕੁਝ ਇਮਾਰਤਾਂ ਨੂੰ ਸਥਾਈ ਤੌਰ ‘ਤੇ ਬੰਦ ਕਰ ਦਿਤਾ। ਇਹ ਰਾਜ ਮਹਿਲ ਦੁਨੀਆ ਦੀਆਂ ਗਿਣੀਆਂ ਚੁਣੀਆਂ ਇਮਾਰਤਾਂ ਵਿਚੋਂ ਇਕ ਹੈ, ਜਿਸ ਨੂੰ ਫਰੀਦਕੋਟ ਦੇ ਲੋਕ ਕਦੀ ਵੇਖ ਨਹੀਂ ਸਕੇ ਹਨ। ਉਧਰ, ਸ਼ਾਹੀ ਜ਼ਾਇਦਾਦ ਤੋਂ ਬੇਦਖ਼ਲ ਅਮ੍ਰਿਤ ਕੌਰ ਨੇ ਪਿਤਾ ਦੀ ਵਸੀਅਤ ਨੂੰ ਚੰਡੀਗੜ੍ਹ ਦੀ ਅਦਾਲਤ ਵਿਚ ਚੁਣੌਤੀ ਦਿਤੀ ਸੀ।

ਹੇਠਲੀ ਅਦਾਲਤ ਨੇ 25 ਜੁਲਾਈ 2013 ਨੂੰ ਫ਼ੈਸਲਾ ਸੁਣਾਉਂਦੇ ਹੋਏ ਸ਼ਾਹੀ ਜ਼ਾਇਦਾਦ ਨੂੰ ਦੋਵਾਂ ਧੀਆਂ (ਅਮ੍ਰਿਤ ਕੌਰ ਅਤੇ ਦੀਪਇੰਦਰ ਕੌਰ ਮਹਿਤਾਬ) ਨੂੰ ਸੌਂਪਣ ਦੇ ਆਦੇਸ਼ ਦਿਤੇ ਸਨ। ਇਸ ਫ਼ੈਸਲੇ ਦੇ ਖਿਲਾਫ਼ ਮਹਾਰਾਵਲ ਖੀਵਾਜੀ ਟਰੱਸਟ ਨੇ ਚੰਡੀਗੜ੍ਹ ਦੇ ਸੈਸ਼ਨ ਕੋਰਟ ਵਿਚ ਅਪੀਲ ਕੀਤੀ ਸੀ। ਜ਼ਿਲ੍ਹਾ ਅਦਾਲਤ ਨੇ 5 ਫਰਵਰੀ 2018 ਨੂੰ ਅਪੀਲ ਖਾਰਿਜ ਕਰਦੇ ਹੋਏ ਹੇਠਲੀ ਅਦਾਲਤ ਦੇ ਫ਼ੈਸਲੇ ‘ਤੇ ਹੀ ਮੋਹਰ ਲਗਾਈ ਸੀ। ਹੁਣ ਇਹ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਪੈਂਡਿੰਗ ਹੈ।

ਫਰੀਦਕੋਟ ਰਿਆਸਤ ਦੇ ਆਖ਼ਰੀ ਸ਼ਾਸਕ ਰਾਜਾ ਹਰਿੰਦਰ ਸਿੰਘ ਦੇ ਕੋਲ ਕਰੀਬ 25 ਹਜ਼ਾਰ ਕਰੋੜ ਰੁਪਏ ਦੀ ਜ਼ਾਇਦਾਦ ਸੀ। ਤਿੰਨ ਹਜ਼ਾਰ ਏਕੜ ਜ਼ਮੀਨ, ਇਕ ਹਵਾਈ ਅੱਡਾ, ਤਿੰਨ ਵਿਦੇਸ਼ੀ ਜਹਾਜ਼, ਦੋ ਕਿਲ੍ਹੇ, ਰਾਜ ਮਹਿਲ ਸਮੇਤ ਸੋਨੇ-ਚਾਂਦੀ ਅਤੇ ਹੀਰੇ ਜੜਿਤ ਗਹਿਣਿਆਂ ਸਹਿਤ ਦੇਸ਼ ਭਰ ਦੇ ਇਕ ਦਰਜਨ ਸ਼ਹਿਰਾਂ ਵਿਚ ਆਲੀਸ਼ਾਨ ਇਮਾਰਤਾਂ ਸ਼ਾਮਿਲ ਹਨ। 1 ਜੂਨ 1982 ਵਿਚ ਮਹਾਰਾਜਾ ਹਰਿੰਦਰ ਸਿੰਘ ਨੇ ਅਪਣੀ ਪਹਿਲੀ ਵਸੀਅਤ ਨੂੰ ਰੱਦ ਕਰਦੇ ਹੋਏ ਨਵੀਂ ਵਸੀਅਤ ਲਿਖੀ ਸੀ।

ਉਸ ਸਮੇਂ 67 ਸਾਲ ਦੇ ਰਾਜੇ ਨੇ ਚਰਚਾ ਕੀਤਾ ਸੀ ਕਿ ਜੇਕਰ ਹੁਣ ਉਨ੍ਹਾਂ ਦੇ ਘਰ ਮੁੰਡਾ ਜਨਮ ਲੈਂਦਾ ਹੈ ਤਾਂ ਉਹ ਇਕੱਲਾ ਹੀ ਰਿਆਸਤ ਦੀ ਤਮਾਮ ਜ਼ਾਇਦਾਦ ਦਾ ਮਾਲਕ ਹੋਵੇਗਾ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਇਹ ਜ਼ਾਇਦਾਦ ਟਰੱਸਟ ਦੇ ਨਾਮ ਹੋ ਜਾਵੇਗੀ। ਟਰੱਸਟ ਦੀ ਜ਼ਿੰਮੇਵਾਰੀ ਉਨ੍ਹਾਂ ਨੇ ਛੋਟੀ ਧੀ ਨੂੰ ਸੌਂਪੀ ਸੀ। 16 ਅਕਤੂਬਰ 1989 ਨੂੰ ਰਾਜਾ ਹਰਿੰਦਰ ਸਿੰਘ ਦੀ ਮੌਤ ਹੋ ਗਈ। 2004 ਵਿਚ ਵੱਡੀ ਧੀ ਅਮ੍ਰਿਤਪਾਲ ਕੌਰ ਨੇ ਇਸ ਵਸੀਅਤ ਨੂੰ ਅਦਾਲਤ ਵਿਚ ਚੁਣੌਤੀ ਦਿਤੀ ਸੀ।

ਧਿਆਨ ਯੋਗ ਹੈ ਕਿ ਫਰੀਦਕੋਟ ਵਿਚ ਮੌਜੂਦ ਜ਼ਮੀਨ ਵਿਚੋਂ ਟਰੱਸਟ ਨੇ 1200 ਏਕੜ ਜ਼ਮੀਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਬੀਜ ਖੋਜ ਕੇਂਦਰ ਲਈ 30 ਸਾਲ ਤੱਕ ਲੀਜ਼ ‘ਤੇ ਦਿਤੀ ਹੋਈ ਹੈ।