ਕੈਪਟਨ ਅਮਰਿੰਦਰ ਸਿੰਘ ਨੇ ਨਿਭਾਇਆ ਅਪਣਾ ਵਅਦਾ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਅਮਰਿੰਦਰ ਸਿੰਘ ਨੇ ਨਿਭਾਇਆ ਅਪਣਾ ਵਅਦਾ

image

ਪਾਪੜ ਵੇਚਣ ਵਾਲੇ ਲੜਕੇ ਨੂੰ ਭੇਜੀ 5 ਲੱਖ ਰੁਪਏ ਦੀ ਐਫ਼.ਡੀ
 

ਅੰਮ੍ਰਿਤਸਰ, 13 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਬੀਤੇ ਦਿਨੀਂ ਅੰਮ੍ਰਿਤਸਰ ਦੇ ਲੜਕੇ ਮਨਪ੍ਰੀਤ ਸਿੰਘ ਦੀ ਪਾਪੜ ਵੜੀਆਂ ਵੇਚਦੇ ਦੀ ਵੀਡੀਉ, ਜਿਸ ਵਿਚ ਉਹ ਵਾਧੂ ਪੈਸੇ ਲੈਣ ਤੋਂ ਇਨਕਾਰ ਕਰਦਾ ਵਿਖਾਈ ਦਿਤਾ ਸੀ, ਨੂੰ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਸੀ। ਉਸ ਵਾਅਦੇ ਨੂੰ ਪੂਰਾ ਕਰਦਿਆਂ ਅੱਜ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਲੜਕੇ ਮਨਪ੍ਰੀਤ ਸਿੰਘ ਅਤੇ ਉਸ ਦੇ ਪਿਤਾ ਨੂੰ 5 ਲੱਖ ਰੁਪਏ ਦੀ ਐਫ਼.ਡੀ. ਭੇਟ ਕੀਤੀ। ਸ: ਖਹਿਰਾ ਨੇ ਕਿਹਾ ਕਿ ਤੁਹਾਡੇ ਵਰਗੇ ਬੱਚੇ ਪੰਜਾਬੀਅਤ ਦੇ ਅਲੰਬਰਦਾਰ ਹਨ, ਜੋ ਅਪਣੀ ਮਿਹਨਤ ਨਾਲ ਕਮਾਈ ਕਰ ਕੇ ਅਪਣੇ ਪ੍ਰਵਾਰ ਦੀ ਰੋਟੀ ਚਲਾ ਰਹੇ ਹਨ। ਇਸ ਬੱਚੇ ਨੂੰ ਸਰਕਾਰੀ ਸਕੂਲ ਵਿਚ ਦਾਖ਼ਲ ਵੀ ਕਰਵਾ ਦਿਤਾ ਗਿਆ ਹੈ। ਇਸ ਐਫ਼.ਡੀ. ਦਾ ਵਿਆਜ ਇਸ ਲੜਕੇ ਨੂੰ ਮਿਲਦਾ ਰਹੇਗਾ ਅਤੇ ਬਾਲਗ਼ ਹੋਣ 'ਤੇ ਪੂਰੀ ਰਕਮ ਇਸ ਨੂੰ ਮਿਲ ਸਕੇਗੀ, ਜਿਸ ਨਾਲ ਇਹ ਲੜਕਾ ਅਪਣੀ ਉਚ ਪਧਰੀ ਪੜ੍ਹਾਈ ਵੀ ਜਾਰੀ ਰੱਖ ਸਕੇਗਾ।
ਮਨਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਉਹ ਹੋਰ ਮਨ ਲਗਾ ਕੇ ਅਪਣੇ ਕਿੱਤੇ ਦੇ ਨਾਲ-ਨਾਲ ਪੜ੍ਹਾਈ ਵੀ ਕਰੇਗਾ ਤਾਂ ਜੋ ਉਸ ਦਾ ਪ੍ਰਵਾਰ ਵੀ ਆਰਥਕ ਤੌਰ ਉਤੇ ਮਜ਼ਬੂਤ ਹੋ ਸਕੇ। ਉਸ ਨੇ ਮੁੱਖ ਮੰਤਰੀ ਵਲੋਂ ਦਿਤੀ ਆਰਥਕ ਅਤੇ ਮਾਨਸਿਕ ਸਹਾਇਤਾ ਲਈ ਧਨਵਾਦ ਵੀ ਕੀਤਾ। ਇਸ ਮੌਕੇ ਜ਼ਿਲ੍ਹਾ ਸਿਖਿਆ ਅਫ਼ਸਰ ਸੈਕੰਡਰੀ ਸ: ਸਤਿੰਦਰਬੀਰ ਸਿੰਘ ਵੀ ਹਾਜ਼ਰ ਸਨ।