'ਆਪ' ਦੀ ਪਹਿਲੀ ਸੂਚੀ ਦੇ 10 'ਚੋਂ 4 ਉਮੀਦਵਾਰ ਕੱਟ ਰਹੇ ਨੇ ਕਾਂਗਰਸ ਦੇ ਚੱਕਰ - ਰਾਜ ਕੁਮਾਰ ਵੇਰਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਅਮਰਿੰਦਰ ਨੂੰ ਲੈ ਕੇ ਵੀ ਦਿੱਤਾ ਵੱਡਾ ਬਿਆਨ

Raj Kumar Verka

 

ਅੰਮ੍ਰਿਤਸਰ (ਨਿਤਿਨ ਲੂਥਰਾ) - ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਮੰਤਰੀ ਰਾਜ ਕੁਮਾਰ ਵੇਰਕਾ ਨੇ ਕੈਪਟਨ ਅਮਰਿੰਦਰ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵਿਚ ਵਾਪਸ ਲਿਆਂਦਾ ਜਾ ਸਕਦਾ ਹੈ। ਕੈਪਟਨ ਦੀ ਵਾਪਸੀ ਲਈ ਕੰਮ ਵੀ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਕਾਂਗਰਸ ਪਰਿਵਾਰ ਦਾ ਆਪਸੀ ਮਸਲਾ ਹੈ ਕੈਪਟਨ ਹਾਈ ਕਮਾਂਡ ਦੇ ਸੰਪਰਕ ਵਿਚ ਹਨ ਅਤੇ ਜਲਦ ਹੀ ਇਹ ਮਸਲਾ ਹੱਲ ਹੋ ਜਾਵੇਗਾ। 

ਪੰਜਾਬ ਦੇ ਮੁੱਦਿਆਂ ’ਤੇ ਗੱਲਬਾਤ ਕਰਦਿਆਂ ਉਹਨਾਂ ਨੇ ਸੁਖਬੀਰ ਬਾਦਲ ’ਤੇ ਚੁਟਕੀ ਵੀ ਲਈ। ਉਨ੍ਹਾਂ ਕਿਹਾ ਕਿ ਅੱਜ ਸੁਖਬੀਰ ਸਿੰਘ ਬਾਦਲ ਟਿਕਟਾਂ ਵੰਡ ਰਹੇ ਹਨ ਪਰ ਇਹ ਟਿਕਟਾਂ ਫ਼ਿਲਮ ਦੀਆਂ ਹਨ, ਜਿਸ ਨੂੰ ਦੇਖਣ ਵਾਲਾ ਕੋਈ ਨਹੀਂ ਹੈ। ਉਹਨਾਂ ਕਿਹਾ ਕਿ ਅਜਿਹਾ ਹੀ ਹਾਲ ਆਮ ਆਦਮੀ ਪਾਰਟੀ ਦਾ ਹੈ। ਉਹਨਾਂ ਨੇ ਅਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕੀਤਾ ਹੈ ਪਰ ਉਹਨਾਂ 10 ਉਮੀਦਵਾਰਾਂ ਵਿਚੋਂ 4 ਉਮੀਦਵਾਰ ਕਾਂਗਰਸ 'ਚ ਸ਼ਾਮਿਲ ਹੋਣ ਲਈ ਗੇੜੇ ਮਾਰ ਰਹੇ ਹਨ।

ਆਮ ਆਦਮੀ ਪਾਰਟੀ ਵਿਚ ਕੋਈ ਰਹਿਣਾ ਨਹੀਂ ਚਾਹੁੰਦਾ ਕਿਉਂਕਿ ਕੇਜਰੀਵਾਲ ਦੀ ਲਾਲਚੀ ਸੋਚ ਹੈ ਉਹ ਖ਼ੁਦ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਪਰ ਪੰਜਾਬੀ ਪੰਜਾਬ ਦੀ ਪੱਗ ਸਰਦਾਰ ਦੇ ਸਿਰ ਤੇ ਹੀ ਸਜਾਉਣਗੇ। ਲਾਲ ਕਿਲ੍ਹੇ ਹਿੰਸਾ ਦੇ ਵਿਚ ਗਿਰਫ਼ਤਾਰ ਕੀਤੇ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ ਐਲਾਨੇ ਮੁਆਵਜੇ ਨੂੰ ਲੈ ਕੇ ਭਾਜਪਾ ਆਗੂ ਹਰਜੀਤ ਗਰੇਵਾਲ ਵਲੋਂ ਕੱਸੇ ਤੰਜ਼ ਦਾ ਜਵਾਬ ਦਿੰਦੇ ਹੋਏ ਉਹਨਾਂ ਕਿਹਾ ਕਿ  ਕਿਸਾਨਾਂ ਦੀ ਕਾਤਿਲ ਸਰਕਾਰ ਕਦੇ ਮੁਆਵਜ਼ਾ ਨਹੀਂ ਦਿੰਦੀ ਬਲਕਿ ਕਿਸਾਨਾਂ ਦੀ ਮਦਦਗਾਰ ਸਰਕਾਰ ਹੀ ਮਦਦ ਲਈ ਅਗੇ ਆਉਂਦੀ ਹੈ। ਭਾਜਪਾ ਕਿਸਾਨਾਂ ਦੀ ਕਾਤਿਲ ਸਰਕਾਰ ਹੈ।