ਮੁੱਖ ਮੰਤਰੀ ਚੰਨੀ ਵੱਲੋਂ ਮੋਹਾਲੀ ਵਿੱਚ ਡਿਜੀਟਲ ਸਿਹਤ ਸੰਭਾਲ ਸਹੂਲਤ ਦਾ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਾਟਾ ਆਧਾਰਤ ਇਹ ਸਿਹਤ ਸੰਭਾਲ ਸਹੂਲਤ ਰੋਕਥਾਮ ਰਾਹੀਂ ਸਿਹਤ ਸੰਭਾਲ ਨੂੰ ਯਕੀਨੀ ਬਣਾਏਗੀ

CM Charanjit Singh Channi

 

ਐਸ.ਏ.ਐਸ.ਨਗਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਵਰਚੁਅਲ ਹਸਪਤਾਲ ਗਿੰਨੀ ਹੈਲਥ, ਇੱਕ ਡਿਜੀਟਲ ਆਧਾਰਤ ਸਿਹਤ ਸੰਭਾਲ ਸਹੂਲਤ ਦਾ ਉਦਘਾਟਨ ਕੀਤਾ। ‘ਫਿਨਵਸੀਆ’ ਦੇ ਸੰਸਥਾਪਕ ਸਰਵਜੀਤ ਸਿੰਘ ਵਿਰਕ ਅਤੇ ‘ਗਿੰਨੀ ਹੈਲਥ’ ਦੇ ਸੀ.ਈ.ਓ. ਗੁਰਜੋਤ ਸਿੰਘ ਨਰਵਾਲ ਦੀ ਉਨ੍ਹਾਂ ਦੇ ਨਿਵੇਕਲੇ ਸਿਹਤ ਸੰਭਾਲ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਤਕਨਾਲੋਜੀ ਨੇ ਸਿਹਤ ਮਾਪਦੰਡਾਂ ਦੀ ਰਿਮੋਟ ਨਿਗਰਾਨੀ ਨੂੰ ਸੰਭਵ ਬਣਾਇਆ ਹੈ ਜਿਸ ਨਾਲ ਮਰੀਜ ਦੇ ਰੋਗ ਦੀ ਸਹੀ ਪਹਿਚਾਨ ਕਰਕੇ ਉਸ ਦੀ ਜੀਵਨ ਸ਼ੈਲੀ ਵਿੱਚ ਸਥਾਈ ਤਬਦੀਲੀਆਂ ਲਿਆ ਕੇ ਬਿਮਾਰੀ ਨੂੰ ਰੋਕਮ ਜਾਂ ਜੋਖਮ ਨੂੰ ਘੱਟ ਤੋਂ ਘੱਟ ਕਰਨ ਵਿੱਚ ਵੱਡੀ ਮਦਦ ਮਿਲੀ ਹੈ।

 

 

ਗਿੰਨੀ ਹੈਲਥ ਦੇ ਡਾਇਰੈਕਟਰ ਡਾ: ਅਨਿਲ ਭੰਸਾਲੀ,, ਜੋ ਪੀਜੀਆਈ ਤੋਂ ਸੇਵਾਮੁਕਤ ਇੱਕ ਮਸ਼ਹੂਰ ਐਂਡੋਕਰੀਨੋਲੋਜਿਸਟ ਹਨ, ਨੇ ਮੁੱਖ ਮੰਤਰੀ ਚੰਨੀ ਨੂੰ ਦੱਸਿਆ ਕਿ ਤਕਨੀਕੀ ਕ੍ਰਾਂਤੀ ਨੇ ਸਾਨੂੰ ਉਪਰਕਰਨਾਂ ਦੀ ਮਦਦ ਨਾਲ ਮਰੀਜ਼ ਦੀ ਜੀਵਨ ਸ਼ੈਲੀ ਅਤੇ ਗਤੀਵਿਧੀਆਂ ਨੂੰ ਦੂਰ ਤੋਂ ਨਿਗਰਾਨੀ ਕਰਨ ਦੇ ਯੋਗ ਬਣਾਇਆ ਹੈ ਜਿਸ ਕਾਰਨ ਬਚਾਅ ਉਪਾਅ ਕਰਨ ਵਿੱਚ ਆਸਾਨੀ ਹੋਈ ਹੈ।

 

 

 

ਮੁੱਖ ਮੰਤਰੀ ਨੂੰ ਇੱਕ ਮੋਬਾਈਲ ਤਕਨਾਲੋਜੀ ਬਾਰੇ ਜਾਣੂ ਕਰਵਾਇਆ ਗਿਆ ਜੋ ਬਾਂਹ ਵਿੱਚ ਫਿੱਟ ਕੀਤੇ ਇੱਕ ਤੋਂ ਉਪਕਰਨ ਵਿੱਚ ਗਲੂਕੋਜ਼ ਦੇ ਉਸ ਸਮੇ ਦੇ ਡਾਟਾ ਨੂੰ ਐਨਐਫਸੀ ਤਕਨੀਕ ਰਾਹੀਂ ਮੋਬਾਈਲ ਫੋਨ ਵਿੱਚ ਟਰਾਂਸਫਰ ਕਰਦੀ ਹੈ ਤਾਂ ਜੋ ਸਬੰਧਤ ਵਿਅਕਤੀ ਆਪਣੇ ਭੋਜਨ ਵਿੱਚ ਕੀ ਸ਼ਾਮਿਲ ਕਰਨਾ ਹੈ ਅਤੇ ਕੀ ਨਹੀਂ ਬਾਰੇ ਫੈਸਲਾ ਕਰ ਸਕੇ। ਇਸ ਮੌਕੇ ਮੁੱਖ ਮੰਤਰੀ ਦੇ ਬਾਂਹ 'ਤੇ ਵੀ ਅਜਿਹਾ ਹੀ ਉਪਕਰਨ ਲਗਾਇਆ ਗਿਆ।

ਇਸ ਮੌਕੇ ਗੁਰਜੋਤ ਸਿੰਘ ਨਰਵਾਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਅਗਲੇ 3 ਸਾਲਾਂ ਵਿੱਚ 100 ਕਰੋੜ ਰੁਪਏ ਤੱਕ ਦਾ ਅਤੇ ਅਗਲੇ 5 ਤੋਂ 7 ਸਾਲਾਂ ਵਿੱਚ 350 ਕਰੋੜ ਰੁਪਏ ਦਾ ਸੰਭਾਵੀ ਨਿਵੇਸ਼ ਕੀਤਾ ਜਾਵੇਗਾ ਅਤੇ ਇਹ 500 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਪੰਜਾਬ ਦੇ ਸਿਹਤ ਉਦਯੋਗ ਵਿੱਚ ਗੁਣਵੱਤਾ ਅਤੇ ਦੇਖਭਾਲ ਦੇ ਵਿਸ਼ਵਪੱਧਰੀ ਮਿਆਰ ਨੂੰ ਲੈ ਕੇ ਆਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਤੇ ਮੋਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ, ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਵੀ ਮੁੱਖ ਮੰਤਰੀ ਦੇ ਨਾਲ ਹਾਜਰ ਸਨ।