ਬੀਬੀ ਮੀਮਸਾ ਦੇ ਅਸਤੀਫ਼ੇ ਤੋਂ ਬਾਅਦ ਸੁਖਬੀਰ ਬਾਦਲ ਦੀਆਂ ਵਧੀਆਂ ਮੁਸ਼ਕਲਾਂ
ਅਸਤੀਫ਼ੇ ਵਿਚ ਲਿਖਿਆ, ਬਰਗਾੜੀ ਬੇਅਦਬੀ ਮਾਮਲੇ ਵਿਚ ਭਗੌੜੇ ਹਰਸ਼ ਧੂਰੀ ਨੂੰ ਤਿੰਨ ਵਾਰ ਸੁਖਬੀਰ ਨਾਲ ਮੀਟਿੰਗਾਂ ਕਰਦੇ ਵੇਖਿਆ
ਕੌਮ ਦੀ ਗ਼ਦਾਰ ਨਹੀਂ ਕਹਾ ਸਕਦੀ -ਮੀਮਸਾ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਮੁੱਖ ਸਲਾਹਕਾਰ ਬੀਬੀ ਰਜਿੰਦਰ ਕੌਰ ਮੀਮਸਾ ਵਲੋਂ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਦਿਤੇ ਅਸਤੀਫ਼ੇ ਬਾਅਦ ਬਰਗਾੜੀ ਬੇਅਦਬੀ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਮੀਮਸਾ ਨੇ ਅਸਤੀਫ਼ੇ ਵਿਚ ਸੁਖਬੀਰ ਉਪਰ ਹਾਲੇ ਤਕ ਬਰਗਾੜੀ ਬੇਅਦਬੀ ਮਾਮਲੇ ਵਿਚ ਭਗੌੜੇ ਚਲ ਰਹੇ ਇਕ ਮੁਲਜ਼ਮ ਨਾਲ ਮਿਲਣ ਬਾਰੇ ਜੋ ਦਾਅਵਾ ਕੀਤਾ ਹੈ, ਜੇਕਰ ਇਹ ਸੱਚ ਹੋਇਆ ਤਾਂ ਸੁਖਬੀਰ ਨੂੰ ਕਾਨੂੰਨੀ ਕਾਰਵਾਈ ਦੇ ਘੇਰੇ ਵਿਚ ਲਿਆਂਦਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਬੀਬੀ ਮੀਮਸਾ 2017 ਦੀਆਂ ਚੋਣਾਂ ਤੋਂ ਪਹਿਲਾ ਕਾਂਗਰਸ ਨਾਲ ਸਬੰਧਤ ਰਹੀ ਹੈ ਅਤੇ ਉਹ ਯੂਥ ਕਾਂਗਰਸ ਅਤੇ ਕਾਂਗਰਸ ਐਸ.ਸੀ. ਸੈੱਲ ਵਿਚ ਅਹਿਮ ਅਹੁਦਿਆਂ ਉਪਰ ਰਹੀ। 2017 ਵਿਚ ਉਸ ਨੇ ਪਾਰਟੀ ਤੋਂ ਬਗ਼ਾਵਤ ਕਰ ਕੇ ਭਦੌੜ ਰਿਜ਼ਰਵ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਉਸ ਸਮੇਂ ਉਸ ਨੂੰ ਕਾਂਗਰਸ ਵਿਚੋਂ ਬਰਖ਼ਾਸਤ ਕਰ ਦਿਤਾ ਗਿਆ ਸੀ। ਇਸ ਤੋਂ ਬਾਅਦ ਹੀ ਮੀਮਸਾ ਦਾ ਅਕਾਲੀ ਦਲ ਵਿਚ ਦਾਖ਼ਲਾ ਹੋਇਆ ਅਤੇ ਇਸ ਸਮੇਂ ਇਸਤਰੀ ਅਕਾਲੀ ਦਲ ਦੀ ਮੁੱਖ ਸਲਾਹਕਾਰ ਵਜੋਂ ਅਹਿਮ ਅਹੁਦੇ ਉਪਰ ਸੀ। ਬੀਬੀ ਮੀਮਸਾ ਨੇ ਸੋਸ਼ਲ ਮੀਡੀਆ ’ਤੇ ਅਪਣੀ ਅਸਤੀਫ਼ੇ ਦੀ ਕਾਪੀ ਪਾਉਣ ਦੇ ਨਾਲ ਇਕ ਵੀਡੀਉ ਸੰਦੇਸ਼ ਵੀ ਨਾਲ ਜਾਰੀ ਕਰ ਕੇ ਅਪਣੇ ਵਿਚਾਰ ਦਸੇ ਹਨ।
ਉਨ੍ਹਾਂ ਅਪਣੇ ਅਸਤੀਫ਼ੇ ਦੇ ਸ਼ੁਰੂ ਵਿਚ ਉਨ੍ਹਾਂ ਸੁਖਬੀਰ ਨੂੰ ਸੰਬੋਧਤ ਹੁੰਦੇ ਲਿਖਿਆ ਹੈ ਕਿ ਮਈ 2018 ਵਿਚ ਮੈਂ ਸ਼੍ਰੋਮਣੀ ਅਕਾਲੀ ਦਲ ਬਿਨਾਂ ਸ਼ਰਤ ਆਪ ਜੀ ਦੀ ਮੌਜੂਦਗੀ ਵਿਚ ਸ਼ਾਮਲ ਹੋਈ ਸੀ ਕਿਉਂਕਿ ਮੈਂ ਅਕਾਲੀ ਦਲ ਦੇ ਇਤਿਹਾਸ ਬਾਰੇ ਪੜਿ੍ਹਆ ਸੀ ਕਿ ਇਹ ਸਿੱਖ ਸੰਘਰਸ਼ਾਂ ਵਿਚੋਂ ਪੈਦਾ ਹੋਈ ਸਿੱਖ ਸਿਧਾਂਤਾਂ ਨੂੰ ਪ੍ਰਣਾਈ ਸਿੱਖ ਪੰਥ ਦੀ ਨੁਮਾਇੰਦੀ ਪਾਰਟੀ ਹੈ। ਬੀਬੀ ਮੀਮਸਾ ਨੇ ਅਪਣੇ ਅਸਤੀਫ਼ੇ ਵਿਚ ਇਕ ਅਹਿਮ ਦਾਅਵਾ ਕਰਦਿਆਂ ਕਿਹਾ ਕਿ ਪ੍ਰਧਾਨ ਜੀ ਦੇ ਹੁਕਮ ਮੁਤਾਬਕ ਦਸੰਬਰ 2016 ਵਿਚ ਸਫਦਰਜੰਗ ਰੋਡ ਦਿੱਲੀ ਰਿਹਾਇਸ਼ ’ਤੇ ਮਿਲਣ ਪਹੁੰਚੀ ਸੀ। ਉਸ ਸਮੇਂ ਮੇਰੇ ਨਾਲ ਕੁੱਝ ਹੋਰ ਵਿਅਕਤੀ ਸਨ ਅਤੇ ਮੈਂ ਦੇਖਿਆ ਕਿ ਮੇਰੇ ਪਹੁੰਚਣ ਤੋਂ ਪਹਿਲਾਂ ਉਥੇ ਡੇਰਾ ਸਿਰਸਾ ਨਾਲ ਸਬੰਧਤ ਡੇਰਾ ਪ੍ਰੇਮੀ ਹਰਸ਼ ਧੂਰੀ ਜੋ ਕਿ ਡੇਰਾ ਸੱਚਾ ਸੌਦਾ ਦੀ ਸੁਪਰੀਮ ਛੇ ਮੈਂਬਰੀ ਕਮੇਟੀ ਦਾ ਮੈਂਬਰ ਹੈ ਅਤੇ ਜਗਜੀਤ ਸਿੰਘ ਮੁੱਖ ਡੇਰਾ ਪ੍ਰਬੰਧਕੀ ਵਿਭਾਗ ਬੈਠੇ ਸਨ। ਹਰਸ਼ ਧੂਰੀ ਨੂੰ ਮੈਂ ਅਪਣੇ ਇਲਾਕੇ ਦਾ ਹੋਣ ਕਾਰਨ ਪਛਾਨਣ ਦੀ ਸੀ ਅਤੇ ਸਾਡੀ ਉਥੇ ਗੱਲਬਾਤ ਵੀ ਹੋਈ।
ਬੀਬੀ ਮੀਮਸਾ ਸੁਖਬੀਰ ਬਾਦਲ ਨੂੰ ਸੰਬੋਧਨ ਹੁੰਦਿਆਂ ਅਸਤੀਫ਼ੇ ਵਿਚ ਅੱਗੇ ਲਿਖਦੇ ਹਨ ਕਿ ਇਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾ ਅਤੇ ਬਾਅਦ ਵਿਚ ਲਗਭਗ 9-10 ਵਾਰ ਆਪਜੀ ਨੂੰ ਮਿਲੀ। ਇਸ ਦੌਰਾਨ ਵੀ ਇਤਫਾਕ ਨਾਲ ਡੇਰਾ ਪ੍ਰੇਮੀ ਹਰਸ਼ ਧੂਰੀ ਅਤੇ ਜਗਜੀਤ ਸਿੰਘ ਆਪ ਜੀ ਦੀ ਰਿਹਾਇਸ਼ ’ਤੇ ਮਿਲੇ ਅਤੇ ਆਪ ਜੀ ਨਾਲ ਕਾਫ਼ੀ ਸਮਾਂ ਵਖਰੇ ਤੌਰ ’ਤੇ ਗੰਭੀਰ ਗੱਲਬਾਤ ਵੀ ਕਰਦੇ ਦਿਖੇ। ਮੀਮਸਾ ਨੇ ਸੁਖਬੀਰ ਨੂੰ ਸੰਬੋਧਤ ਹੁੰਦਿਆਂ ਹੀ ਕਿਹਾ,‘‘ਮੈਂ ਅਪਣੇ ਮੂੰਹੋਂ ਉਨ੍ਹਾਂ ਨੂੰ ਇਹ ਵੀ ਸੁਣਿਆ ਕਿ ਯਾਰ ਤੁਸੀਂ ਆਉਣ ਤੋਂ ਪਹਿਲਾਂ ਫ਼ੋਨ ਤਾਂ ਕਰਦਿਆਂ ਕਰੋ, ਮੈਨੂੰ ਮਰਵਾਉਗੇ।’’
ਬੀਬੀ ਮੀਮਸਾ ਦਾ ਕਹਿਣਾ ਹੈ ਕਿ ਉਸ ਸਮੇਂ ਮੈਨੂੰ ਭਾਵੇਂ ਸ਼ੱਕ ਤਾਂ ਹੋਇਆ ਸੀ ਪਰ ਮੈਂ ਸਮਝਦੀ ਸੀ ਕਿ ਸ਼ਾਇਦ ਕੋਈ ਨਿਜੀ ਕੰਮਕਾਰ ਲਈ ਆਉਂਦੇ ਹੋਣਗੇ ਪਰ ਹੁਣ ਅਖ਼ਬਾਰਾਂ ਵਿਚ ਜਦ ਮੈਂ ਬਰਗਾੜੀ ਬੇਅਦਬੀ ਮਾਮਲੇ ਵਿਚ ਹਰਸ਼ ਧੂਰੀ ਦੇ ਭਗੌੜੇ ਹੋਣ ਦੀਆਂ ਖ਼ਬਰਾਂ ਪੜ੍ਹੀਆਂ ਤਾਂ ਇਹ ਨਾਂ ਸੁਣ ਕੇ ਮੈਨੂੰ ਬਹੁਤ ਦੁਖ ਪਹੁੰਚਿਆ ਕਿੳਂੁਕਿ ਹਰਸ਼ ਨੂੰ ਫ਼ਰੀਦਕੋਟ ਅਦਾਲਤ ਨੂੰ ਬੁਰਜ ਜਵਾਹਰ ਸਿੰਘ ਵਾਲਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਕਰਨ, ਗੁਰੂ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਵਿਚ ਖਿਲਾਰਨ ਅਤੇ ਬਾਅਦ ਵਿਚ ਕੰਧਾਂ ’ਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਦੋਸ਼ਾਂ ਵਿਚ ਭਗੌੜਾਂ ਐਲਾਨਿਆ ਹੋਇਆ ਹੈ।
ਇਸ ਨਾਲ ਮੇਰੇ ਹਿਰਦੇ ਨੂੰ ਬਹੁਤ ਠੇਸ ਪਹੁੰਚੀ ਅਤੇ ਆਪ ਜੀ ਤੋਂ ਭਰੋਸਾ (ਸੁਖਬੀਰ) ਉਠ ਗਿਆ ਹੈ। ਅਜਿਹੀ ਲੀਡਰਸ਼ਿਪ ਤੇ ਪਾਰਟੀ ਨਾਲ ਰਹਿ ਕੇ ਕੰਮ ਨਹੀਂ ਕਰ ਸਕਦੀ ਜੋ ਡੇਰਾਵਾਦ ਨੂੰ ਪ੍ਰਫੁੱਲਤ ਕਰੇ ਅਤੇ ਪੰਥ ਦੋਖੀਆਂ ਨੂੰ ਸ਼ਹਿ ਦਿੰਦੀ ਹੋਵੇ। ਮੈਂ ਇਹ ਵੀ ਮੰਗ ਕਰਦੀ ਹਾਂ ਕਿ ਸੁਖਬੀਰ ਬਾਦਲ ਦੱਸਣ ਕਿ ਉਸ ਦੇ ਹਰਸ਼ ਧੂਰੀ ਨਾਲ ਕੀ ਸਬੰਧ ਸਨ ਅਤੇ ਉਹ ਕਿਹੜੇ ਕੰਮ ਕਰਵਾਉਣ ਆਉਂਦਾ ਸੀ। ਬੀਬੀ ਮੀਮਸਾ ਨੇ ਕਿਹਾ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਣ ਸਤਿਕਾਰ ਨੂੰ ਮੁੱਖ ਰਖਦਿਆਂ ਅਪਣੀ ਜ਼ਮੀਰ ਦੀ ਆਵਾਜ਼ ਸੁਣਦਿਆਂ ਪੂਰੇ ਹੋਸ਼ੋ ਹਵਾਸ ਨਾਲ ਅਕਾਲੀ ਦਲ ਤੋਂ ਅਸਤੀਫ਼ਾ ਦੇ ਰਹੀ ਹੈ।
ਅਕਾਲੀ ਦਲ ਲਗਾ ਚੁੱਕਾ ਹੈ ਸਾਜ਼ਸ਼ ਦਾ ਦੋਸ਼
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੀਤੇ ਦਿਨੀਂ ਚੰਡੀਗੜ੍ਹ ਵਿਚ ਪ੍ਰੈਸ ਕਾਨਫ਼ਰੰਸ ਕਰ ਕੇ ਦੋਸ਼ ਲਗਾ ਚੁੱਕੇ ਹਨ ਕਿ ਚੰਨੀ ਸਰਕਾਰ ਨੇ ਬੇਅਦਬੀ ਮਾਮਲੇ ਵਿਚ ਸੁਖਬੀਰ ਬਾਦਲ ਨੂੰ ਫਸਾਉਣ ਲਈ ਸਾਜ਼ਸ਼ ਰਚੀ ਹੈ ਅਤੇ ਮੁੱਖ ਮੰਤਰੀ ਨੇ ਇਕ ਗੁਪਤ ਮੀਟਿੰਗ ਕੀਤੀ ਹੈ। ਅਕਾਲੀ ਆਗੂਆਂ ਨੇ ਅਸਤੀਫ਼ਾ ਦੇਣ ਵਾਲੀ ਇਸਤਰੀ ਅਕਾਲੀ ਆਗੂ ਰਜਿੰਦਰ ਕੌਰ ਮੀਮਸਾ ਦਾ ਨਾਂ ਵੀ ਇਸ ਸਾਜ਼ਸ਼ ਵਿਚ ਲਿਆ ਸੀ ਪਰ ਹੁਣ ਬੀਬੀ ਮੀਮਸਾ ਵਲੋਂ ਖ਼ੁਦ ਹੀ ਸੱਭ ਕੁੱਝ ਲਿਖਤੀ ਰੂਪ ਵਿਚ ਅਪਣੇ ਅਸਤੀਫ਼ੇ ਵਿਚ ਕਹਿ ਦੇਣ ਬਾਅਦ ਲਾਏ ਦੋਸ਼ਾਂ ਦਾ ਮਾਮਲਾ ਗੰਭੀਰ ਹੋ ਗਿਆ ਹੈ।
ਕੌਮ ਦੀ ਗ਼ਦਾਰ ਨਹੀਂ ਕਹਾ ਸਕਦੀ : ਮੀਮਸਾ
ਬੀਬੀ ਰਜਿੰਦਰ ਕੌਰ ਮੀਮਸਾ ਨੇ ਇਕ ਵੀਡੀਉ ਸੰਦੇਸ਼ ਵੀ ਪਾਇਆ ਹੈ ਜਿਸ ਵਿਚ ਉਨ੍ਹਾਂ ਅਸਤੀਫ਼ਾ ਦੇਣ ਦਾ ਕਾਰਨ ਸਪੱਸ਼ਟ ਕਰਦਿਆਂ ਕਿਹਾ ਕਿ ਪਾਰਟੀ ਛੱਡਣ ਕਾਰਨ ਕੋਈ ਲੋਕ ਮੈਨੂੰ ਸਵਾਲ ਕਰਨਗੇ ਪਰ ਮੈਂ ਪਾਰਟੀ ਦੀ ਗ਼ਦਾਰ ਤਾਂ ਕਹਾ ਸਕਦੀ ਹਾਂ ਪਰ ਕੌਮ ਦੀ ਗ਼ਦਾਰ ਨਹੀਂ ਕਹਾ ਸਕਦੀ। ਮਰਨਾ ਤਾਂ ਸੱਭ ਨੇ ਹੈ ਪਰ ਮਰਨ ਵੇਲੇ ਮਨ ਤੇ ਇਹ ਬੋਝ ਨਾ ਹੋਵੇ ਕਿ ਮੈਨੂੰ ਸਚਾਈ ਪਤਾ ਸੀ ਤੇ ਮੈਂ ਇੰਨੀ ਵੱਡੀ ਸਚਾਈ ਛੁਪਾ ਲਈ। ਮੈਂ ਸਿਰਫ਼ ਡੇਰਾ ਪ੍ਰੇਮੀ ਹਰਸ਼ ਧੂਰੀ ਨੂੰ ਇਕ ਵਾਰ ਨਹੀਂ ਬਲਕਿ ਤਿੰਨ ਵਾਰ ਅਪਣੇ ਅੱਖੀਂ ਸੁਖਬੀਰ ਨੂੰ ਮਿਲਦਿਆਂ ਦੇਖਿਆ ਹੈ।