ਅਪਣੀ ਜਾਨ ਨੂੰ ਖ਼ਤਰਾ ਦੱਸ ਕੇ ਬੀਬੀ ਮੀਮਸਾ ਨੇ ਲਈ ਸੁਰੱਖਿਆ, 4 ਪੁਲਿਸ ਮੁਲਾਜ਼ਮ ਰਹਿਣਗੇ ਨਾਲ
ਚਰਨਜੀਤ ਬਰਾੜ ਵਲੋਂ ਉਨ੍ਹਾਂ ਦੀ ਬਰਨਾਲਾ ਰਿਹਾਇਸ਼ ’ਤੇ ਪੁੱਜ ਕੇ ਉਨ੍ਹਾਂ ਦੇ ਬੱਚਿਆਂ ਨੂੰ ਜਿੱਥੇ ਡਰਾਇਆ ਧਮਕਾਇਆ ਗਿਆ - ਮੀਮਸਾ
ਚੰਡੀਗੜ੍ਹ : ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦੇ ਮਹਿਲਾ ਵਿੰਗ ਦੀ ਸਲਾਹਕਾਰ ਰਜਿੰਦਰ ਕੌਰ ਮੀਮਸਾ ਨੇ ਮੁੱਢਲੀ ਮੈਂਬਰਸ਼ਿਪ ਤੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਅੱਜ ਉਹਨਾਂ ਨੇ ਡੀਜੀਪੀ ਪੰਜਾਬ ਅੱਗੇ ਪੇਸ਼ ਹੋਕੇ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਸੁਰੱਖਿਆ ਹਾਸਲ ਕੀਤੀ ਹੈ। ਮੀਮਸਾ ਨੇ ਅਕਾਲੀ ਦਲ ਤੋਂ ਬਾਗੀ ਹੋ ਕੇ ਹਰਸ਼ ਧੂਰੀ ਡੇਰਾ ਪ੍ਰੇਮੀ ਨੂੰ ਫ਼ਰੀਦਕੋਟ ਅਦਾਲਤ ਤੋਂ ਭਗੌੜੇ ਦੇ ਸੁਖਬੀਰ ਬਾਦਲ ਨਾਲ ਸਬੰਧਾਂ ਦਾ ਖ਼ੁਲਾਸਾ ਕਰਦਿਆਂ ਡੀਜੀਪੀ ਪੰਜਾਬ ਅੱਗੇ ਪੇਸ਼ ਹੋ ਕੇ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਸੁਰੱਖਿਆ ਹਾਸਲ ਕਰ ਲਈ ਹੈ।
ਇਸ ਦਾ ਹਵਾਲਾ ਬੀਬੀ ਰਜਿੰਦਰ ਕੌਰ ਮੀਮਸਾ ਨੇ ਖ਼ੁਦ ਸਾਂਝਾ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਚਰਨਜੀਤ ਬਰਾੜ ਵਲੋਂ ਉਨ੍ਹਾਂ ਦੀ ਬਰਨਾਲਾ ਰਿਹਾਇਸ਼ ’ਤੇ ਪੁੱਜ ਕੇ ਉਨ੍ਹਾਂ ਦੇ ਬੱਚਿਆਂ ਨੂੰ ਜਿੱਥੇ ਡਰਾਇਆ ਧਮਕਾਇਆ ਗਿਆ, ਉੱਥੇ ਹੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਖ਼ਿਲਾਫ਼ ਕੁਝ ਵੀ ਨਾ ਬੋਲਣ ਤੇ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇਣ ਦਾ ਖ਼ੁਲਾਸਾ ਵੀ ਰਜਿੰਦਰ ਮੀਮਸਾ ਨੇ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਮੁਖੀ ਅੱਗੇ ਪੇਸ਼ ਹੋ ਕੇ ਉਨ੍ਹਾਂ ਨੇ ਜੋ ਬੇਅਦਬੀ ਸਬੰਧੀ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਬਣਾਈ ਗਈ ਸਿੱਟ ਅੱਗੇ ਅਹਿਮ ਤੱਥਾਂ ਦਾ ਖ਼ੁਲਾਸਾ ਕੀਤਾ ਹੈ ਉਸ ਤੋਂ ਬਾਅਦ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਜਾਨੀ ਖ਼ਤਰਾ ਹੈ ਜਿਸ ’ਤੇ ਡੀਜੀਪੀ ਪੰਜਾਬ ਵਲੋਂ ਉਨ੍ਹਾਂ ਨੂੰ 4 ਪੁਲਿਸ ਸੁਰੱਖਿਆ ਮੁਲਾਜ਼ਮ ਮੁਹੱਈਆ ਕਰਵਾਏ ਗਏ ਹਨ।
ਇਸ ਮਾਮਲੇ ਵਿਚ ਚਰਨਜੀਤ ਬਰਾੜ ਦਾ ਕਹਿਣਾ ਹੈ ਕਿ ਉਹ ਬਰਨਾਲਾ ਵਿਖੇ ਬੀਬੀ ਰਜਿੰਦਰ ਕੌਰ ਮੀਮਸਾ ਦੇ ਘਰ ਜ਼ਰੂਰ ਗਏ ਸਨ, ਜਦ ਉਨ੍ਹਾਂ ਦੇ ਪਾਰਟੀ ਛੱਡਣ ਦੀ ਗੱਲ ਸਾਹਮਣੇ ਆਈ ਸੀ ਪਰ ਜੋ ਬੀਬੀ ਮੀਮਸਾ ਬਾਕੀ ਇਲਜ਼ਾਮ ਲਗਾ ਰਹੀ ਹੈ ਉਹ ਸਰਾਸਰ ਝੂਠ ਹੈ। ਉਨ੍ਹਾਂ ਦੇ ਘਰ ਸਿਰਫ਼ ਮੀਮਸਾ ਦਾ ਪੁੱਤਰ ਸੀ, ਜਿਸ ਦੇ ਨਾਲ ਉਨ੍ਹਾਂ ਨੇ ਕੁਝ ਪਰਿਵਾਰਕ ਗੱਲਾਂ ਕੀਤੀਆਂ ਤੇ ਉਹ ਚਲੇ ਗਏ ਸਨ।