BJP ਦੇ ਸਾਬਕਾ ਮੇਅਰ ਸੁਭਾਸ਼ ਸ਼ਰਮਾ ਦੇ ਪੁੱਤਰਾਂ ਨੇ ਤੋੜਿਆ ਭਗਤ ਪੂਰਨ ਸਿੰਘ ਗੇਟ, ਮਾਮਲਾ ਦਰਜ
'BJP ਆਗੂ ਦੇ ਪੁੱਤਰਾਂ ਨੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਭਗਤ ਪੂਰਨ ਸਿੰਘ ਨਾਲ ਜੁੜੀ ਯਾਦ ਨੂੰ ਨੁਕਸਾਨ ਪਹੁੰਚਾ ਕੇ ਸ਼ਾਂਤੀ ਭੰਗ ਕਰਨ ਦੀ ਕੀਤੀ ਕੋਸ਼ਿਸ਼'
ਅੰਮ੍ਰਿਤਸਰ : ਦੁਨੀਆਂ ਨੂੰ ਸੇਵਾ ਦਾ ਸੁਨੇਹਾ ਦੇਣ ਵਾਲੇ ‘ਪਿੰਗਲਵਾੜੇ’ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ ਅੰਮ੍ਰਿਤਸਰ ਵਿਚ ਬਣੇ ਗੇਟ ਨੂੰ ਤੋੜ ਦਿਤਾ ਗਿਆਜਿਸ ਦੀਆਂ ਤਸਵੀਰਾਂ CCTV 'ਚ ਕੈਦ ਹੋ ਗਈਆਂ ਹਨ। ਦੱਸ ਦੇਈਏ ਕਿ ਸੀਸੀ ਫੁਟੇਜ ਵਿਚ ਦਿਖਾਈ ਦੇਣ ਵਾਲੇ ਨੌਜਵਾਨ ਹੋਰ ਕੋਈ ਨਹੀਂ ਸਗੋਂ ਅੰਮ੍ਰਿਤਸਰ ਨਗਰ ਨਿਗਮ ਦੇ ਸਾਬਕਾ ਮੇਅਰ ਸੁਭਾਸ਼ ਸ਼ਰਮਾ ਦੇ ਪੁੱਤਰ ਹਨ।
BJP ਨਾਲ ਜੁੜੇ ਸੁਭਾਸ਼ ਸ਼ਰਮਾ ਦਾ ਪਰਿਵਾਰ ਅੰਮ੍ਰਿਤਸਰ ਦੇ ਪਿੰਗਲਵਾੜਾ ਨਜ਼ਦੀਕ ਰਹਿੰਦਾ ਹੈ। ਅੰਮ੍ਰਿਤਸਰ ਵਿੱਚ ਭਗਤ ਪੂਰਨ ਸਿੰਘ ਗੇਟ ਪਿੰਗਲਵਾੜਾ ਦੇ ਮੁੱਖ ਦਫ਼ਤਰ ਦੇ ਨਾਲ ਬਣਿਆ ਹੋਇਆ ਹੈ। ਪਿੰਗਲਵਾੜਾ ਸੰਸਥਾ ਦੀ ਮੁਖੀ ਬੀਬੀ ਇੰਦਰਜੀਤ ਕੌਰ ਨੇ ਭਗਤ ਪੂਰਨ ਸਿੰਘ ਦੇ ਗੇਟ ਨੂੰ ਤੋੜਨ ਦੀ ਨਿੰਦਾ ਕੀਤੀ | ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਬੀਬੀ ਇੰਦਰਜੀਤ ਕੌਰ ਨੇ ਕਿਹਾ ਕਿ ਭਾਜਪਾ ਆਗੂ ਦੇ ਪੁੱਤਰਾਂ ਨੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਭਗਤ ਪੂਰਨ ਸਿੰਘ ਵਰਗੀ ਸ਼ਖ਼ਸੀਅਤ ਨਾਲ ਜੁੜੀ ਯਾਦ ਨੂੰ ਨੁਕਸਾਨ ਪਹੁੰਚਾ ਕੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ।
ਕਾਂਗਰਸ ਨਾਲ ਜੁੜੇ ਸੌਰਭ ਮਿੱਠੂ ਮਦਾਨ ਨੇ ਦੱਸਿਆ ਕਿ ਭਾਜਪਾ ਦੇ ਸਾਬਕਾ ਮੇਅਰ ਸੁਭਾਸ਼ ਸ਼ਰਮਾ ਦੇ ਪੁੱਤਰਾਂ ਰਾਜੀਵ ਅਤੇ ਭਾਰਤ ਭੂਸ਼ਣ ਨੇ ਇਹ ਗੇਟ ਤੋੜਿਆ ਹੈ। ਭਾਜਪਾ ਆਗੂ ਦੇ ਪੁੱਤਰਾਂ ਦੀ ਇਸ ਹਰਕਤ ਨੇ ਭਗਤ ਪੂਰਨ ਸਿੰਘ ਦੇ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ। ਮਿੱਠੂ ਮਦਾਨ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਰਾਜੀਵ ਸ਼ਰਮਾ ਅਤੇ ਭਾਰਤ ਭੂਸ਼ਣ ਆਪਣੀ ਗੱਡੀ ਤੋਂ ਹੇਠਾਂ ਉਤਰ ਕੇ ਗੇਟ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਮਿੱਠੂ ਨੇ ਮੰਗ ਕੀਤੀ ਕਿ ਗੇਟ ਤੋੜਨ ਵਾਲੇ ਰਾਜੀਵ ਸ਼ਰਮਾ ਅਤੇ ਭਾਰਤ ਭੂਸ਼ਣ ਸ਼ਰਮਾ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਨਹੀਂ ਤਾਂ ਕਾਂਗਰਸੀ ਵਰਕਰ ਰੋਡ ਜਾਮ ਕਰਨਗੇ। ਮੌਕੇ ’ਤੇ ਪੁੱਜੇ ਅੰਮ੍ਰਿਤਸਰ ਦੇ ADCP ਹਰਪਾਲ ਸਿੰਘ ਨੇ ਦੱਸਿਆ ਕਿ ਭਾਜਪਾ ਦੇ ਸਾਬਕਾ ਮੇਅਰ ਦੇ ਪੁੱਤਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।