ਡਾ. ਵੇਰਕਾ ਵੱਲੋਂ ਘੁਮਾਣ ਵਿਖੇ ਭਗਤ ਨਾਮਦੇਵ ਭਵਨ ਦੀ ਉਸਾਰੀ ਲਈ 5 ਕਰੋੜ ਰੁਪਏ ਗ੍ਰਾਂਟ ਦੇਣ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਘੁਮਾਣ ਵਿਖੇ ਰਾਜ ਪੱਧਰੀ ਸਮਾਗਮ

State level function at Ghuman on the occasion of Bhagat Namdev Ji's Parkash Day

 

ਚੰਡੀਗੜ੍ਹ/ ਬਟਾਲਾ  - ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਭਗਤ ਸ੍ਰੀ ਨਾਮਦੇਵ ਜੀ ਦੇ 751ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਸ੍ਰੀ ਨਾਮਦੇਵ ਦਰਬਾਰ ਘੁਮਾਣ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਡਾ. ਰਾਜ ਕੁਮਾਰ ਵੇਰਕਾ, ਸਮਾਜਿਕ ਨਿਆਂ, ਘੱਟ ਗਿਣਤੀ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਸਰਕਾਰ ਨੇ ਸੰਗਤਾਂ ਵਿੱਚ ਹਾਜ਼ਰੀ ਭਰੀ।

ਇਸ ਮੌਕੇ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ, ਵਿਧਾਇਕ ਕਾਦੀਆਂ ਸ. ਫ਼ਤਹਿਜੰਗ ਸਿੰਘ ਬਾਜਵਾ, ਵਿਧਾਇਕ ਬਾਬਾ ਬਕਾਲਾ ਸਾਹਿਬ ਸ. ਸੰਤੋਖ ਸਿੰਘ ਭਲਾਈਪੁਰ, ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਰਾਜ ਪੱਧਰੀ ਸਮਾਗਮ ਦੌਰਾਨ ਵਿਸ਼ਾਲ ਕੀਰਤਨ ਸਮਾਗਮ ਦੌਰਾਨ ਰਾਗੀ ਸਿੰਘਾਂ ਨੇ ਭਗਤ ਨਾਮਦੇਵ ਜੀ ਦੀ ਬਾਣੀ ਦਾ ਗਾਇਨ ਕੀਤਾ।

ਸ਼੍ਰੋਮਣੀ ਭਗਤ ਸ੍ਰੀ ਨਾਮਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰੰਗਤਾਂ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸ਼੍ਰੋਮਣੀ ਭਗਤ ਨਾਮਦੇਵ ਜੀ ਭਗਤੀ ਲਹਿਰ ਦੇ ਉੱਘੇ ਸੰਤ ਹੋਏ ਹਨ ਅਤੇ ਆਪ ਜੀ ਨੇ ਆਪਣੀ ਬਾਣੀ ਵਿੱਚ ਊਚ ਨੀਚ ਦੇ ਪਾੜੇ ਨੂੰ ਖਤਮ ਕਰਨ ਦੀ ਗੱਲ ਕਹੀ ਹੈ। ਉਨਾਂ ਕਿਹਾ ਕਿ ਭਗਤ ਨਾਮਦੇਵ ਜੀ ਦੀ ਬਾਣੀ ਦੇ 61 ਸ਼ਬਦ 18 ਰਾਗਾਂ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਜੋ ਕੁੱਲ ਮਾਨਵਤਾ ਲਈ ਚਾਨਣ ਮੁਨਾਰਾ ਹਨ। ਡਾ. ਵੇਰਕਾ ਨੇ ਕਿਹਾ ਕਿ ਭਗਤ ਨਾਮਦੇਵ ਜੀ ਦਾ ਸਮੁੱਚਾ ਜੀਵਨ ਅਤੇ ਉਨਾਂ ਦੀ ਬਾਣੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹੈ ਅਤੇ ਹਰ ਪ੍ਰਾਣੀ ਮਾਤਰ ਨੂੰ ਇਸਤੋਂ ਸੇਧ ਲੈਣੀ ਚਾਹੀਦੀ ਹੈ। 

ਇਸ ਮੌਕੇ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਨੂੰ ਕਹਿ ਕੇ ਭੇਜਿਆ ਹੈ ਕਿ ਘੁਮਾਣ ਦੀ ਸੰਗਤ ਵੱਲੋਂ ਜੋ ਵੀ ਮੰਗ ਕੀਤੀ ਜਾਵੇ ਉਸ ਨੂੰ ਪੂਰਾ ਕੀਤਾ ਜਾਵੇ ਅਤੇ ਸੰਗਤਾਂ ਦੀ ਮੰਗ ’ਤੇ ਮੁੱਖ ਮੰਤਰੀ ਵੱਲੋਂ ਉਹ ਐਲਾਨ ਕਰਦੇ ਹਨ ਕਿ ਪੰਜਾਬ ਸਰਕਾਰ ਵੱਲੋਂ 5 ਕਰੋੜ ਰੁਪਏ ਦੀ ਲਾਗਤ ਨਾਲ ਘੁਮਾਣ ਵਿੱਚ ਭਗਤ ਨਾਮਦੇਵ ਭਵਨ ਦੀ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਗ੍ਰਾਂਟ ਬਹੁਤ ਜਲਦੀ ਜਾਰੀ ਕਰ ਦਿੱਤੀ ਜਾਵੇਗੀ।

ਡਾ. ਵੇਰਕਾ ਨੇ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਕਾਸ ਲਈ ਜੋ ਵੀ ਫੰਡ ਲੋੜੀਂਦੇ ਹਨ ਉਨਾਂ ਸਬੰਧੀ ਐਸਟੀਮੇਟ ਬਣਾ ਕੇ ਸਰਕਾਰ ਨੂੰ ਭੇਜਿਆ ਜਾਵੇ, ਉਹ ਵੀ ਪੂਰਾ ਕਰ ਦਿੱਤਾ ਜਾਵੇਗਾ। ਡਾ. ਵੇਰਕਾ ਨੇ ਪ੍ਰਕਾਸ਼ ਪੁਰਬ ਸਬੰਧੀ ਰਾਜ ਪੱਧਰੀ ਸਮਾਗਮ ਦੀ ਸਫਲਤਾ ਦੀ ਖੁਸ਼ੀ ਵਿੱਚ ਕੱਲ ਮਿਤੀ 15 ਨਵੰਬਰ 2021 ਨੂੰ ਬਟਾਲਾ ਤਹਿਸੀਲ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ। ਇਸ ਮੌਕੇ ਡਾ. ਵੇਰਕਾ ਨੇ ਸ੍ਰੀ ਨਾਮਦੇਵ ਦਰਬਾਰ, ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ ਅਤੇ ਭੱਟੀਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਮੱਥਾ ਟੇਕਿਆ।

ਇਸ ਤੋਂ ਪਹਿਲਾਂ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਵੀ ਸੰਗਤਾਂ ਨੂੰ ਭਗਤ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਹਲਕੇ ਅਤੇ ਖਾਸ ਕਰਕੇ ਨਾਮਦੇਵ ਨਗਰ ਘੁਮਾਣ ਵਿੱਚ ਕਰਵਾਏ ਵਿਕਾਸ ਕਾਰਜਾਂ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਵਿਧਾਇਕ ਸ. ਫ਼ਤਹਿਜੰਗ ਸਿੰਘ ਬਾਜਵਾ ਅਤੇ ਵਿਧਾਇਕ ਸ. ਸੰਤੋਖ ਸਿੰਘ ਭਲਾਈਪੁਰ ਨੇ ਵੀ ਸੰਗਤਾਂ ਨੂੰ ਪਾਵਨ ਪੁਰਬ ਦੀਆਂ ਵਧਾਈਆਂ ਦਿੱਤੀਆਂ। ਸ੍ਰੀ ਨਾਮਦੇਵ ਦਰਬਾਰ ਕਮੇਟੀ ਵੱਲੋਂ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ, ਵਿਧਾਇਕ ਬਲਵਿੰਦਰ ਸਿੰਘ ਲਾਡੀ, ਵਿਧਾਇਕ ਫ਼ਤਹਿ ਜੰਗ ਸਿੰਘ ਬਾਜਵਾ, ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦਾ ਸਨਮਾਨ ਕੀਤਾ ਗਿਆ। 

ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਬਲਰਾਜ ਸਿੰਘ, ਐੱਸ.ਡੀ.ਐੱਮ. ਬਟਾਲਾ ਰਾਮ ਸਿੰਘ, ਐੱਸ.ਪੀ. ਗੁਰਪ੍ਰੀਤ ਸਿੰਘ, ਡੀ.ਡੀ.ਪੀ.ਓ. ਹਰਜਿੰਦਰ ਸਿੰਘ ਸੰਧੂ, ਐਕਸੀਨ ਹਰਜੋਤ ਸਿੰਘ, ਸ੍ਰੀ ਨਾਮਦੇਵ ਦਰਬਾਰ (ਰਜਿ:) ਦੇ ਪ੍ਰਧਾਨ ਤਰਸੇਮ ਸਿੰਘ ਬਾਵਾ, ਸਰਪੰਚ ਘੁਮਾਣ ਨਰਿੰਦਰ ਸਿੰਘ ਨਿੰਦੀ, ਹਰਵਿੰਦਰ ਸਿੰਘ ਹੈਰੀ, ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ, ਸਾਹਿਬ ਸਿੰਘ ਮੰਡ, ਸਕੱਤਰ ਸੁਖਜਿੰਦਰ ਸਿੰਘ ਲਾਲੀ, ਹਾਊਸਫੈੱਡ ਪੰਜਾਬ ਦੇ ਚੇਅਰਮੈਨ ਸਾਹਿਬ ਸਿੰਘ ਮੰਡ, ਮੀਤ ਸਕੱਤਰ ਮਨਜਿੰਦਰ ਸਿੰਘ ਬਿੱਟੂ, ਸੰਤੋਖ ਸਿੰਘ ਬਾਵਾ, ਮੈਨੇਜਰ ਤਰਲੋਚਨ ਸਿੰਘ ਧਾਮੀ, ਸਰਬਜੀਤ ਸਿੰਘ ਬਾਵਾ, ਸਰਪੰਚ ਗੁਰਦੀਪ ਸਿੰਘ ਹਰਦਾਨ, ਹਰਪਾਲ ਸਿੰਘ ਹਰਪੁਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਹਾਜ਼ਰ ਸੀ।