ਡੇਂਗੂ ਨੇ ਸੁਕਾਏ ਸਾਹ: ਚੰਡੀਗੜ੍ਹ, ਪੰਚਕੁਲਾ ਸਮੇਤ ਮੁਹਾਲੀ ਵਿਚ ਲਗਾਤਾਰ ਵਧ ਰਹੇ ਕੇਸ
ਗੂ ਤੋਂ ਬਚਾਅ ਸਬੰਧੀ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਫੋਗਿੰਗ ਵੀ ਕਰਵਾਈ ਜਾ ਰਹੀ ਹੈ
ਚੰਡੀਗੜ੍ਹ: ਚੰਡੀਗੜ੍ਹ ਸਮੇਤ ਪੰਚਕੂਲਾ ਅਤੇ ਮੁਹਾਲੀ ਵਿੱਚ ਡੇਂਗੂ ਅਤੇ ਚਿਕਨਗੁਨੀਆ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅਕਤੂਬਰ ਤੋਂ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਟ੍ਰਾਈਸਿਟੀ ਵਿੱਚ ਹੁਣ ਤੱਕ ਡੇਂਗੂ ਦੇ 4,039 ਅਤੇ ਚਿਕਨਗੁਨੀਆ ਦੇ 369 ਮਾਮਲੇ ਸਾਹਮਣੇ ਆ ਚੁੱਕੇ ਹਨ। ਉਂਜ ਚੰਡੀਗੜ੍ਹ ਵਿੱਚ ਦਰਜ ਕੇਸ ਪੰਚਕੂਲਾ ਅਤੇ ਮੁਹਾਲੀ ਨਾਲੋਂ ਘੱਟ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਮੌਨਸੂਨ ਦੇ ਖ਼ਤਮ ਹੋਣ ਵਿੱਚ ਦੇਰੀ ਨਾਲ ਮੱਛਰਾਂ ਦੀ ਪ੍ਰਜਨਨ ਵਿੱਚ ਵਾਧਾ ਹੋਇਆ ਹੈ। ਇਸ ਕਾਰਨ ਮਾਮਲੇ ਵੱਧ ਰਹੇ ਹਨ।
ਇਸ ਸਾਲ ਹੁਣ ਤੱਕ ਪੰਚਕੂਲਾ ਵਿੱਚ ਡੇਂਗੂ ਦੇ 1,787, ਮੁਹਾਲੀ ਜ਼ਿਲ੍ਹੇ ਵਿੱਚ 1,480 ਅਤੇ ਚੰਡੀਗੜ੍ਹ ਵਿੱਚ 772 ਡੇਂਗੂ ਦੇ ਮਾਮਲੇ ਸਾਹਮਣੇ ਆਏ ਹਨ। ਦੂਜੇ ਪਾਸੇ ਚਿਕਨਗੁਨੀਆ ਦੇ ਮਾਮਲੇ ਵੀ ਵੱਧ ਰਹੇ ਹਨ। ਪੰਚਕੂਲਾ ਵਿੱਚ 74, ਮੋਹਾਲੀ ਵਿੱਚ 221 ਅਤੇ ਚੰਡੀਗੜ੍ਹ ਵਿੱਚ 74 ਮਾਮਲੇ ਸਾਹਮਣੇ ਆਏ ਹਨ। ਪੰਚਕੂਲਾ ਵਿੱਚ ਕਾਲਕਾ, ਪਿੰਜੌਰ, ਸੂਰਜਪੁਰ, ਪੁਰਾਣਾ ਪੰਚਕੂਲਾ ਆਦਿ ਥਾਵਾਂ ’ਤੇ ਡੇਂਗੂ ਦੇ ਕੇਸ ਜ਼ਿਆਦਾ ਹਨ। ਇੱਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਤੱਕ 6,394 ਲੋਕਾਂ ਨੂੰ ਨੋਟਿਸ ਜਾਰੀ ਕੀਤੇ ਹਨ।
ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 11,786 ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਡੇਂਗੂ ਤੋਂ ਬਚਾਅ ਸਬੰਧੀ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਫੋਗਿੰਗ ਵੀ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਜਨਤਕ ਅਦਾਰਿਆਂ ਵਿੱਚ 495 ਚਲਾਨ ਅਤੇ 298 ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ।
ਇਸ ਦੇ ਨਾਲ ਹੀ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਡੇਂਗੂ ਦੀ ਰੋਕਥਾਮ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਜ਼ਿਲ੍ਹੇ ਵਿੱਚ ਹੁਣ ਤੱਕ 4,02,526 ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ। 12,749 ਘਰਾਂ ਵਿੱਚ ਡੇਂਗੂ ਦਾ ਲਾਰਵਾ ਮਿਲਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਕੁੱਲ 1480 ਮਰੀਜ਼ਾਂ ਵਿੱਚੋਂ 324 ਮਰੀਜ਼ ਅਜੇ ਵੀ ਇਲਾਜ ਅਧੀਨ ਹਨ।