ਕੋਟਕਪੂਰਾ ਡੇਰਾ ਪ੍ਰੇਮੀ ਕਤਲ ਕਾਂਡ: ਮਾਮਲੇ ਵਿਚ ਪੁਲਿਸ ਨੇ 3 ਸ਼ੂਟਰਾਂ ਨੂੰ ਕੀਤਾ ਨਾਮਜ਼ਦ

ਏਜੰਸੀ

ਖ਼ਬਰਾਂ, ਪੰਜਾਬ

ਪੜਤਾਲ ਦੇ ਅਧਾਰ ’ਤੇ ਉਕਤ ਕੇਸ ਵਿਚ ਗੈਂਗਸਟਰ ਗੋਲਡੀ ਬਰਾੜ ਸਮੇਤ 4 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ।

Kotakpura Dera lover murder case

 

ਕੋਟਕਪੂਰਾ: ਪੁਲਿਸ ਨੇ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਕਤਲ ਕੇਸ ਵਿੱਚ ਦਿੱਲੀ ਸਪੈਸ਼ਲ ਸੈੱਲ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਸ਼ੂਟਰਾਂ ਨੂੰ ਵੀ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿੱਚ ਜਤਿੰਦਰ ਜੀਤੂ, ਮੋਹਿਤ ਚੌਹਾਨ ਅਤੇ ਮਨੀਸ਼ ਨੰਦ ਉਰਫ਼ ਗੋਲੀ ਦੇ ਨਾਂਅ ਸਾਹਮਣੇ ਆਏ ਹਨ। 

2015 ਦੇ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਅਤੇ ਸੌਦਾ ਸਾਧ ਦੇ ਪੈਰੋਕਾਰ ਪ੍ਰਦੀਪ ਸਿੰਘ ਦੇ ਕਤਲ ਮਾਮਲੇ ਵਿੱਚ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਨੇ ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਸਮੇਤ ਕੁੱਲ ਚਾਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਗੋਲਡੀ ਬਰਾੜ ਤੋਂ ਇਲਾਵਾ ਕੋਟਕਪੂਰਾ ਪੁਲਿਸ ਨੇ ਇਸ ਮਾਮਲੇ ਵਿਚ ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਸੁਸਾਇਟੀ ਨਗਰ ਫ਼ਰੀਦਕੋਟ, ਭੁਪਿੰਦਰ ਸਿੰਘ ਗੋਲਡੀ ਵਾਸੀ ਸ਼ਹੀਦ ਬਲਵਿੰਦਰ ਸਿੰਘ ਨਗਰ ਅਤੇ  ਮੋਗਾ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਉਰਫ ਰਾਜੂ ਦਾ ਨਾਂ ਵੀ ਸ਼ਾਮਲ ਹੈ। ਕੋਟਕਪੂਰਾ ਪੁਲਿਸ ਨੇ ਹੁਣ ਇਸ ਮਾਮਲੇ ਵਿਚ ਤਿੰਨ ਹੋਰ ਵਿਅਕਤੀਆਂ ਦੇ ਨਾਂ ਸਾਹਮਣੇ ਲਿਆਂਦੇ ਹਨ, ਜਿਨ੍ਹਾਂ ਨੂੰ ਦਿੱਲੀ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਹੈ। ਉਹ ਤਿੰਨੋਂ ਹਰਿਆਣਾ ਦੇ ਰਹਿਣ ਵਾਲੇ ਹਨ।

ਉੱਥੇ ਹੀ ਘਟਨਾ ਵਾਲੇ ਦਿਨ ਹੀ ਪੁਲਿਸ ਨੂੰ ਫਰੀਦਕੋਟ ਨਿਵਾਸੀ ਦੋਵੋਂ ਨੌਜਵਾਨਾਂ ਦੇ ਬਾਰੇ ਵਿਚ ਸੁਰਾਗ ਮਿਲ ਗਿਆ ਸੀ ਅਤੇ ਪੁਲਿਸ ਨੇ ਦੋਨੋਂ ਨੌਜਵਾਨਾਂ ਦੇ ਘਰਾਂ ਉੇਤੇ ਛਾਪੇਮਾਰੀ ਕੀਤੀ ਸੀ। ਜਾਣਕਾਰੀ ਅਨੁਸਾਰ ਘਟਨਾ ਦੇ ਬਾਅਦ ਥਾਣਾ ਸਿਟੀ ਕੋਟਕਪੂਰਾ ਪੁਲਿਸ ਨੇ ਮ੍ਰਿਤਕ ਪ੍ਰਦੀਪ ਸਿੰਘ ਰਾਜੂ ਦੀ ਪਤਨੀ ਸਿਮਰਨ ਦੇ ਬਿਆਨਾਂ ਤੇ 6 ਅਣਪਛਾਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਸੀ ਤੇ ਪੜਤਾਲ ਦੇ ਅਧਾਰ ’ਤੇ ਉਕਤ ਕੇਸ ਵਿਚ ਗੈਂਗਸਟਰ ਗੋਲਡੀ ਬਰਾੜ ਸਮੇਤ 4 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ। 

ਘਟਨਾ ਤੋਂ ਕੁਝ ਸਮੇਂ ਬਾਅਦ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਅਤੇ ਤਿੰਨਾਂ ਦੋਸ਼ੀਆਂ ਨੂੰ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕਰ ਲਿਆ। ਮੁੱਢਲੀ ਪੁੱਛਗਿੱਛ 'ਚ ਇਹ ਵੀ ਖੁਲਾਸਾ ਕੀਤਾ ਹੈ ਕਿ ਗੋਲਡੀ ਬਰਾੜ ਦੇ ਇਸ਼ਾਰੇ 'ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਸੂਤਰਾਂ ਅਨੁਸਾਰ ਡੇਰਾ ਪੈਰੋਕਾਰ ਦੇ ਕਤਲ ਕੇਸ ਵਿੱਚ ਨਾਮਜ਼ਦ ਚਾਰ ਮੁਲਜ਼ਮਾਂ ਵਿੱਚੋਂ ਫਰੀਦਕੋਟ ਦੇ ਦੋਵੇਂ ਨੌਜਵਾਨਾਂ ’ਤੇ ਇਸ ਘਟਨਾ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ।