ਪੰਜਾਬ 'ਚ ਮੁਸਲਿਮ ਅਬਾਦੀ ਵਾਲੇ ਇਲਾਕਿਆਂ ਨੂੰ ਮਿਲੇਗਾ ਵੱਡਾ ਤੋਹਫ਼ਾ, ਵੱਕਾਰੀ ਕਾਲਜ ਦੇਣ ਦੀ ਪ੍ਰਕਿਰਿਆ ਸ਼ੁਰੂ
23 ਕਰੋੜ ਦੀ ਲਾਗਤ ਵਾਲੇ ਕਲਾਨੌਰ ਖੇਤੀਬਾੜੀ ਕਾਲਜ ਲਈ ਪੰਜਾਬ ਸਰਕਾਰ ਨੇ ਜਾਰੀ ਕੀਤੀ ਪਹਿਲੀ ਕਿਸ਼ਤ
100 ਸੀਟਾਂ ਵਾਲੇ ਇਸ ਕਾਲਜ ਲਈ ਪੰਜਾਬ ਵਕਫ਼ ਬੋਰਡ ਵਲੋਂ ਦਿੱਤੀ ਗਈ ਹੈ 24 ਏਕੜ ਤੋਂ ਵੱਧ ਜ਼ਮੀਨ
ਮਲੇਰਕੋਟਲਾ ਮੈਡੀਕਲ ਕਾਲਜ ਲਈ ਮੋਦੀ ਸਰਕਾਰ ਨੇ ਜਾਰੀ ਕੀਤੇ 325 ਕਰੋੜ ਰੁਪਏ
ਪੰਜਾਬ ਸਰਕਾਰ ਦੇਵੇਗੀ 40 ਫ਼ੀਸਦੀ ਰਾਸ਼ੀ
ਮੋਹਾਲੀ : ਪੰਜਾਬ ਸਰਕਾਰ ਨੇ ਸੂਬੇ ਦੇ ਮੁਸਲਿਮ ਅਬਾਦੀ ਵਾਲੇ ਦੋ ਇਲਾਕਿਆਂ ਨੂੰ ਤੋਹਫ਼ਾ ਦੇਣ ਦੀ ਗੱਲ ਆਖੀ ਸੀ ਜਿਸ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਸਰਕਾਰ ਵੱਲੋਂ ਮਲੇਰਕੋਟਲਾ ਦੇ ਮੈਡੀਕਲ ਕਾਲਜ ਅਤੇ ਗੁਰਦਾਸਪੁਰ ਦੇ ਕਲਾਨੌਰ ਇਲਾਕੇ ਵਿਚ ਬਣਨ ਵਾਲੇ ਖੇਤੀਬਾੜੀ ਕਾਲਜ ਲਈ ਫ਼ੰਡ ਜਾਰੀ ਕਰ ਦਿਤੇ ਹਨ।
ਦੱਸ ਦੇਈਏ ਕਿ ਇਨ੍ਹਾਂ ਕਾਲਜਾਂ ਲਈ ਕੇਂਦਰ ਸਰਕਾਰ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਮੈਡੀਕਲ ਕਾਲਜ ਲਈ 325 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜਦਕਿ 40 ਫ਼ੀਸਦ ਰਾਸ਼ੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣੀ ਹੈ। ਦੱਸ ਦੇਈਏ ਕਿ ਕਲਾਨੌਰ ਵਿਖੇ ਖੇਤੀਬਾੜੀ ਕਾਲਜ 23 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਜਿਸ ਲਈ ਪੰਜਾਬ ਸਰਕਾਰ ਵੱਲੋਂ ਪਹਿਲੀ ਕਿਸ਼ਤ ਵੀ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਜ਼ਮੀਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਇਹ ਖੇਤੀਬਾੜੀ ਕਾਲਜ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਧੀਨ ਹੋਵੇਗਾ। ਦੱਸ ਦੇਈਏ ਕਿ ਮਾਲੇਰਕੋਟਲਾ ਜ਼ਿਲ੍ਹਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਬਣਾਇਆ ਗਿਆ ਸੀ ਅਤੇ ਪਿਛਲੀ ਸਰਕਾਰ ਵੇਲੇ ਵੀ ਮਾਲੇਰਕੋਟਲਾ ’ਚ ਮੈਡੀਕਲ ਕਾਲਜ ਬਣਾਉਣ ਦਾ ਫ਼ੈਸਲਾ ਤਤਕਾਲੀ ਮੁੱਖ ਸਕੱਤਰ ਵਿੰਨੀ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਲਿਆ ਗਿਆ ਸੀ। ਪੰਜਾਬ ਸਰਕਾਰ ਇਸ ਕਾਲਜ ਲਈ ਜ਼ਮੀਨ ਵੀ ਦੇਵੇਗੀ। ਜਾਣਕਾਰੀ ਅਨੁਸਾਰ ਮਾਲੇਰਕੋਟਲਾ ਦੇ ਮੈਡੀਕਲ ਕਾਲਜ ਲਈ ਪੰਜਾਬ ਵਕਫ਼ ਬੋਰਡ ਵਲੋਂ 24 ਏਕੜ ਤੋਂ ਵੱਧ ਜ਼ਮੀਨ ਦਿੱਤੀ ਗਈ ਹੈ।