ਸੁੱਤੇ ਪਏ ਪਰਿਵਾਰ ਨਾਲ ਵਾਪਰਿਆ ਭਾਣਾ: ਕੱਚੇ ਮਕਾਨ ਦੀ ਡਿੱਗੀ ਛੱਤ, 1 ਦੀ ਮੌਤ
ਜ਼ਖਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਬਟਾਲਾ: ਉਮਰਪੁਰਾ ਇਲਾਕੇ 'ਚ ਇਕ ਮਕਾਨ ਦੀ ਕੱਚੀ ਛੱਤ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਕਮਰੇ ’ਚ ਚਾਰ ਮੈਂਬਰ ਸੌਂ ਰਹੇ ਸਨ। ਪਰਿਵਾਰ ਦੇ ਮੁਖੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਅਤੇ ਪੁੱਤਰ ਗੰਭੀਰ ਜ਼ਖਮੀ ਹੋ ਗਏ। ਤਿੰਨੋਂ ਜ਼ਖ਼ਮੀਆਂ ਨੂੰ ਇਲਾਜ ਲਈ ਅੰਮ੍ਰਿਤਸਰ ਲਿਜਾਇਆ ਗਿਆ।
ਤੜਕਸਾਰ 2 ਵਜੇ ਮਾਂ ਸੁਨੀਤਾ (45) ਨੇ ਦੇਖਿਆ ਕਿ ਘਰ ਦੀ ਛੱਤ ਡਿੱਗਣ ਵਾਲੀ ਹੈ, ਉਸ ਨੇ ਤੁਰੰਤ ਆਪਣੀ ਛੋਟੀ ਧੀ ਪ੍ਰਾਚੀ (11) ਨੂੰ ਗੁਆਂਢੀਆਂ ਦੇ ਘਰ ਮਦਦ ਲਈ ਬੁਲਾਉਣ ਲਈ ਭੇਜਿਆ। ਪ੍ਰਾਚੀ ਜਿਉਂ ਘਰ ਤੋਂ ਬਾਹਰ ਨਿਕਲੀ ਕਿ ਇੱਕਦਮ ਕਮਰੇ ਦੀ ਛੱਤ ਡਿੱਗ ਪਈ। ਪ੍ਰਾਚੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਆਂਢ-ਗੁਆਂਢ ਦੇ ਲੋਕ ਅਤੇ ਮੁਹੱਲੇ ਦੇ ਲੋਕ ਉਥੇ ਪਹੁੰਚੇ।
ਲੋਕਾਂ ਨੇ ਕੜੀ ਮੁਸ਼ੱਕਤ ਨਾਲ ਮਲਬਾ ਹਟਾਇਆ ਅਤੇ ਗੰਭੀਰ ਹਾਲਤ ਵਿੱਚ ਬਾਹਰ ਕੱਢ ਕੇ ਮਾਂ ਸੁਨੀਤਾ ਅਤੇ ਪੁੱਤਰ ਜਤਿਨ ਨੂੰ ਹਸਪਤਾਲ ਪਹੁੰਚਾਇਆ। ਪਰ ਜਦੋਂ ਤੱਕ ਪ੍ਰਾਚੀ ਦੇ ਪਿਤਾ ਡਿੰਪਲ ਉਰਫ ਲੱਡਾ (50) ਨੂੰ ਲੋਕਾਂ ਨੇ ਮਲਬੇ ਹੇਠੋਂ ਕੱਢਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਇਸ ਦੇ ਨਾਲ ਹੀ ਸਿਵਲ ਹਸਪਤਾਲ 'ਚ ਇਲਾਜ ਲਈ ਲਿਆਂਦੇ ਗਏ ਜ਼ਖਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।