Khanna Accident: ਖੰਨਾ ’ਚ ਨੈਸ਼ਨਲ ਹਾਈਵੇਅ 'ਤੇ ਤੇਜ਼ ਰਫ਼ਤਾਰ ਕੈਂਟਰ ਨੇ ਕਈ ਲੋਕਾਂ ਨੂੰ ਦਰੜਿਆ; ਇਕ ਮਹਿਲਾ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਹਗੀਰਾਂ ਨੇ ਕੈਂਟਰ ਦੀ ਫੋਟੋ ਖਿੱਚ ਲਈ ਸੀ, ਪੁਲਿਸ ਨੇ ਇਸ ਫੋਟੋ ਦੇ ਸਹਾਰੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿਤੀ।

Khanna Accident

Khanna Accident News: ਖੰਨਾ 'ਚ ਨੈਸ਼ਨਲ ਹਾਈਵੇਅ 'ਤੇ ਤੇਜ਼ ਰਫਤਾਰ ਕੈਂਟਰ ਨੇ ਕਈ ਲੋਕਾਂ ਨੂੰ ਦਰੜ ਦਿਤਾ। ਇਸ ਹਾਦਸੇ ਵਿਚ ਇਕ ਬਜ਼ੁਰਗ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 5 ਤੋਂ 6 ਲੋਕਾਂ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ। ਹਾਦਸੇ ਮਗਰੋਂ ਕੈਂਟਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਰਾਹਗੀਰਾਂ ਨੇ ਕੈਂਟਰ ਦੀ ਫੋਟੋ ਖਿੱਚ ਲਈ ਸੀ, ਪੁਲਿਸ ਨੇ ਇਸ ਫੋਟੋ ਦੇ ਸਹਾਰੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿਤੀ।

ਮਿਲੀ ਜਾਣਕਾਰੀ ਅਨੁਸਾਰ ਰਾਜਪੁਰਾ ਦੀ ਰਹਿਣ ਵਾਲੀ ਕਰੀਬ 65 ਸਾਲਾਂ ਔਰਤ ਰਾਜ ਕੌਰ ਅਪਣੇ ਪਤੀ ਨਾਲ ਬੱਸ 'ਚ ਸਵਾਰ ਹੋ ਕੇ ਖੰਨਾ ਪਹੁੰਚੀ ਸੀ। ਉਨ੍ਹਾਂ ਦੇ ਨਾਲ 10 ਸਾਲਾ ਬੱਚਾ ਵੀ ਸੀ। ਇਸ ਦੌਰਾਨ ਬੱਸ ਨੇ ਖੰਨਾ ਦੇ ਪੁਰਾਣੇ ਬੱਸ ਸਟੈਂਡ ਨੇੜੇ ਨੈਸ਼ਨਲ ਹਾਈਵੇ ਦੇ ਉਪਰ ਹੀ ਬੱਸ ਰੋਕ ਕੇ ਸਵਾਰੀਆਂ ਉਤਾਰੀਆਂ ਬੱਸ ਦੇ ਪਿੱਛੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਆ ਰਹੇ ਸੀ। ਇਸੇ ਦੌਰਾਨ ਤੇਜ ਰਫ਼ਤਾਰ ਕੈਂਟਰ ਡਰਾਈਵਰ ਨੇ ਪਹਿਲਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਟੱਕਰ ਮਾਰੀ। ਫਿਰ ਨੈਸ਼ਨਲ ਹਾਈਵੇ ਕਿਨਾਰੇ ਖੜ੍ਹੇ ਲੋਕਾਂ ਨੂੰ ਲਪੇਟ 'ਚ ਲੈ ਲਿਆ। ਬਜ਼ੁਰਗ ਔਰਤ ਰਾਜ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ ਜਖ਼ਮੀਆਂ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਾਇਆ ਗਿਆ।

ਇਸ ਮਗਰੋਂ ਮੌਕੇ ਦਾ ਫਾਇਦਾ ਚੁੱਕ ਕੇ ਕੈਂਟਰ ਡਰਾਈਵਰ ਫਰਾਰ ਹੋ ਗਿਆ ਸੀ। ਚਸ਼ਮਦੀਦ ਨੌਜਵਾਨ ਨੇ ਦਸਿਆ ਕਿ ਪਹਿਲਾਂ ਬੱਸ ਵਾਲਿਆਂ ਨੇ ਗਲਤੀ ਕੀਤੀ। ਨੈਸ਼ਨਲ ਹਾਈਵੇਅ ਦੇ ਉਪਰ ਹੀ ਬੱਸ ਰੋਕ ਲਈ ਗਈ। ਇਸੇ ਦੌਰਾਨ ਕੈਂਟਰ ਡਰਾਈਵਰ ਨੇ ਲਾਪਰਵਾਹੀ ਕਰਦੇ ਹੋਏ ਉਨ੍ਹਾਂ ਨੂੰ ਟੱਕਰ ਮਾਰੀ ਅਤੇ ਲੋਕਾਂ ਨੂੰ ਦਰੜ ਦਿਤਾ। ਉਧਰ ਪੁਲਿਸ ਦਾ ਕਹਿਣਾ ਹੈ ਕਿ ਕੈਂਟਰ ਦੀ ਭਾਲ ਕੀਤੀ ਜਾ ਰਹੀ ਹੈ।

(For more news apart from Khanna Accident News, stay tuned to Rozana Spokesman)