Vigilance Raid at Dana Mandi: ਪਠਾਨਕੋਟ ਦੀ ਦਾਣਾ ਮੰਡੀ ਵਿਚ ਵਿਜੀਲੈਂਸ ਦੀ ਰੇਡ; ਕਿਸਾਨਾਂ ਤੇ ਆੜ੍ਹਤੀਆਂ ਨੇ ਪ੍ਰਗਟਾਈ ਨਾਰਾਜ਼ਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫੂਡ ਸਪਲਾਈ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਡੀਜੀਪੀ ਵਿਜੀਲੈਂਸ ਨੂੰ ਪੱਤਰ ਲਿਖਿਆ ਸੀ ਪੱਤਰ: ਸੂਤਰ

Vigilance Raid at Pathankot Dana Mandi

Vigilance Raid at Pathankot Dana Mandi: ਪਠਾਨਕੋਟ ਜ਼ਿਲ੍ਹੇ ਨਾਲ ਲੱਗਦੀ ਸਰਨਾ ਦਾਣਾ ਮੰਡੀ ਵਿਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਬੀਤੀ ਰਾਤ ਦਾਣਾ ਮੰਡੀ ਵਿਚ ਵਿਜੀਲੈਂਸ ਵਲੋਂ ਅਚਾਨਕ ਛਾਪਾ ਮਾਰਿਆ ਗਿਆ। ਇਸ ਕਾਰਨ ਅਨਾਜ ਮੰਡੀ ਵਿਚ ਆੜ੍ਹਤੀ ਅਤੇ ਕਿਸਾਨ ਇਕੱਠੇ ਹੋ ਗਏ। ਆੜ੍ਹਤੀਆਂ ਨੇ ਵਿਜੀਲੈਂਸ ਵਲੋਂ ਕੀਤੀ ਛਾਪੇਮਾਰੀ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਵਿਰੁਧ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਦਾਣਾ ਮੰਡੀ ਵਿਚ ਆੜ੍ਹਤ ਦਾ ਕੰਮ ਕਰ ਰਹੇ ਹਨ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਵਿਜੀਲੈਂਸ ਵਲੋਂ ਰੇਡ ਕੀਤੀ ਗਈ ਹੋਵੇ। ਜਾਣਕਾਰੀ ਅਨੁਸਾਰ ਵਿਜੀਲੈਂਸ ਵਲੋਂ ਸੂਬੇ ਦੀਆਂ ਹੋਰ ਮੰਡੀਆਂ ਵਿਚ ਵੀ ਛਾਪੇਮਾਰੀ ਕੀਤੀ ਗਈ ਹੈ।

ਫਿਲਹਾਲ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਵਲੋਂ ਇਸ ਪੂਰੇ ਮਾਮਲੇ ਸਬੰਧੀ ਕੋਈ ਵੀ ਜਾਣਕਾਰੀ ਮੀਡੀਆ ਨਾਲ ਸਾਂਝੀ ਨਹੀਂ ਕੀਤੀ ਗਈ ਹੈ। ਹਾਲਾਂਕਿ ਦਸਿਆ ਜਾ ਰਿਹਾ ਹੈ ਕਿ ਦੀਵਾਲੀ ਮੌਕੇ ਕੀਤੀ ਗਈ 4.7 ਲੱਖ ਮੀਟ੍ਰਿਕ ਝੋਨੇ ਦੀ ਖਰੀਦ ਜਾਂਚ ਦਾ ਵਿਸ਼ਾ ਹੈ। ਸਵਾਲ ਚੁੱਕੇ ਜਾ ਰਹੇ ਹਨ ਕਿ ਇਸ ਮੌਕੇ ਵਾਕਈ ਝੋਨੇ ਦੀ ਖਰੀਦ ਹੋਈ ਸੀ ਜਾਂ ਕੋਈ ਫਰਜ਼ੀਵਾੜਾ ਕੀਤਾ ਗਿਆ ਹੈ? ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਬੰਧੀ ਫੂਡ ਸਪਲਾਈ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਡੀਜੀਪੀ ਵਿਜੀਲੈਂਸ ਨੂੰ ਪੱਤਰ ਲਿਖਿਆ ਸੀ।

ਦੱਸ ਦੇਈਏ ਕਿ ਸਰਨਾ ਦਾਣਾ ਮੰਡੀ ਵਿਚ ਬੀਤੀ ਰਾਤ ਵਿਜੀਲੈਂਸ ਦੀ ਛਾਪੇਮਾਰੀ ਦੌਰਾਨ ਅਧਿਕਾਰੀਆਂ ਵਲੋਂ ਝੋਨੇ ਦੀਆਂ ਬੋਰੀਆਂ ਦੀ ਗਿਣਤੀ ਕੀਤੀ ਗਈ ਸੀ। ਦਸਿਆ ਜਾ ਰਿਹਾ ਹੈ ਕਿ ਕਈ ਥਾਈਂ ਦੂਜੇ ਸੂਬਿਆਂ ਤੋਂ ਝੋਨਾ ਲਿਆ ਕੇ ਇਸ ਮੰਡੀ ਵਿਚ ਵੇਚਿਆ ਜਾ ਰਿਹਾ ਹੈ। ਜਿਸ ਕਾਰਨ ਇਹ ਛਾਪੇਮਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਨਾਮ ਸਿੰਘ ਛੀਨਾ ਅਤੇ ਹੋਰ ਆੜ੍ਹਤੀਆਂ ਨੇ ਦਸਿਆ ਕਿ ਜਦੋਂ ਤੋਂ ਉਹ ਆੜ੍ਹਤ ਦਾ ਕੰਮ ਕਰ ਰਹੇ ਹਨ, ਉਦੋਂ ਤੋਂ ਇਹ ਪਹਿਲੀ ਵਾਰ ਹੈ ਕਿ ਰਾਤ ਸਮੇਂ ਉਨ੍ਹਾਂ ਦੀ ਮਾਰਕੀਟ ਵਿਚ ਵਿਜੀਲੈਂਸ ਵਲੋਂ ਛਾਪੇਮਾਰੀ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵਪਾਰੀ ਨੂੰ ਖਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਨਾ ਤਾਂ ਕੋਈ ਨਸ਼ਾ ਵੇਚ ਰਹੇ ਹਨ ਅਤੇ ਨਾ ਹੀ ਗਲਤ ਤਰੀਕੇ ਨਾਲ ਫਸਲ ਵੇਚ ਰਹੇ ਹਨ, ਸਗੋਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਬਾਰੇ ਉਨ੍ਹਾਂ ਬੀਤੀ ਰਾਤ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੂੰ ਇਹ ਜਾਣਕਾਰੀ ਦਿਤੀ।

 (For more news apart from Vigilance Raid at Pathankot Dana Mandi, stay tuned to Rozana Spokesman)