ਤਰਨ-ਤਾਰਨ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਅੱਜ
16 ਗੇੜਾਂ 'ਚ ਹੋਵੇਗੀ ਵੋਟਾਂ ਦੀ ਗਿਣਤੀ, 11 ਨਵੰਬਰ ਨੂੰ 60.95 ਫ਼ੀਸਦੀ ਹੋਈ ਸੀ ਵੋਟਿੰਗ
ਤਰਨ-ਤਾਰਨ ( ਤਰਸੇਮ ਸਿੰਘ ਲਾਲੂਘੁੰਮਣ/ ਕੁਲਦੀਪ ਸਿੰਘ ਦੀਪਾ): ਵਿਧਾਨ ਸਭਾ ਹਲਕਾ ਤਰਨਤਾਰਨ ਦੀ 11 ਨਵੰਬਰ ਨੂੰ ਹੋਈ ਜ਼ਿਮਨੀ ਚੋਣ ਦੀਆਂ ਵੋਟਾਂ ਗਿਣਤੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਅਤੇ ਅੱਜ ਸਵੇਰੇ 8:00 ਵਜੇ ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ, ਪਿੱਦੀ, ਤਰਨ-ਤਾਰਨ ਵਿਖੇ ਵੋਟਾਂ ਦੀ ਗਿਣਤੀ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਰਿਟਰਨਿੰਗ ਅਫ਼ਸਰ ਗੁਰਮੀਤ ਸਿੰਘ ਨੇ ਦਸਿਆ ਕਿ ਜ਼ਿਮਨੀ ਚੋਣ ਦੌਰਾਨ ਕੁਲ 15 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਦਕਿ ਈ.ਵੀ.ਐਮ ਵਿਚ 16 ਨੰਬਰ ਉੱਪਰ ਨੋਟਾ (ਨਨ ਆਫ਼ ਅਬੱਵ) ਐਡ ਕੀਤਾ ਗਿਆ ਹੈ।
ਉਨ੍ਹਾਂ ਦਸਿਆ ਕਿ ਵੋਟਾਂ ਦੀ ਗਿਣਤੀ ਲਈ ਦੋ ਹਾਲ ਬਣਾਏ ਗਏ ਹਨ ਜਿਨ੍ਹਾਂ ਵਿਚ ਇਕ ਹਾਲ ਵਿਚ ਈ.ਵੀ.ਐਮ. ਦੀਆਂ ਵੋਟਾਂ ਦੀ ਗਿਣਤੀ ਹੋਵੇਗੀ। ਉਨ੍ਹਾਂ ਦਸਿਆ ਕਿ ਈ.ਵੀ.ਐਮ. ਦੀਆਂ ਵੋਟਾਂ ਦੀ ਗਿਣਤੀ ਲਈ 14 ਕਾਊਂਟਰ ਲਗਾਏ ਗਏ ਹਨ ਜਦਕਿ ਦੂਸਰੇ ਹਾਲ ਵਿਚ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਹੋਵੇਗੀ ਰਿਟਰਨਿੰਗ ਅਫ਼ਸਰ ਨੇ ਦਸਿਆ ਕਿ ਗਿਣਤੀ ਕੇਂਦਰ ਵਿਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਕਾਊਂਟਿੰਗ ਸਟਾਫ਼ ਨੂੰ ਵੀ ਸਿਖਲਾਈ ਦੇ ਦਿਤੀ ਗਈ ਹੈ।