ਕਮਲਨਾਥ ਨੂੰ ਲੈ ਕੇ ਅਕਾਲੀਆਂ ਅਤੇ ਆਪ ਨੇ ਕੀਤਾ ਸ਼ਬਦੀ ਵਾਰ
ਵਿਧਾਨਸਭਾ ਚੋਣਾਂ ਤੋਂ ਬਾਅਦ ਮੱਧ ਪ੍ਰਦੇਸ਼ ਵਿਚ ਸਰਕਾਰ ਦੀ ਕਮਾਨ ਕਮਲਨਾਥ ਦੇ ਹੱਥ ਦੇਣ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿਚ ਭੂਚਾਲ ਆ ਗਿਆ ਹੈ...
ਚੰਡੀਗੜ੍ਹ (ਭਾਸ਼ਾ) : ਵਿਧਾਨਸਭਾ ਚੋਣਾਂ ਤੋਂ ਬਾਅਦ ਮੱਧ ਪ੍ਰਦੇਸ਼ ਵਿਚ ਸਰਕਾਰ ਦੀ ਕਮਾਨ ਕਮਲਨਾਥ ਦੇ ਹੱਥ ਦੇਣ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿਚ ਭੂਚਾਲ ਆ ਗਿਆ ਹੈ, ਜਿਥੇ ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਕਮਲਨਾਥ ਨੂੰ ਮੁਖ ਮੰਤਰੀ ਬਣਾਉਣ ਨੂੰ ਲੈ ਕੇ ਕੈਪਟਨ ਸਰਕਾਰ 'ਤੇ ਸ਼ਬਦੀ ਹੱਲਾ ਬੋਲ ਰਹੇ ਹਨ ਉਥੇ ਹੀ ਕਾਂਗਰਸ ਦੇ ਆਗੂ ਕਮਲਨਾਥ ਲਈ ਢਾਲ ਬਣਦੇ ਦਿਖਾਈ ਦੇ ਰਹੇ ਹਨ | ਦਰਅਸਲ ਕਮਲਨਾਥ ਨਾਮ 1984 ਸਿੱਖ ਕਤਲੇਆਮ ਵਿਚ ਉਭਰਿਆ ਸੀ ਜਿਸ ਤੋਂ ਬਾਅਦ ਵਿਰੋਧੀਆਂ ਨੇ ਸੂਬੇ ਵਿਚ ਕਾਂਗਰਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ।
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਵੀ ਕਮਲ ਨਾਥ ਨੂੰ ਮੁੱਖ ਮੰਤਰੀ ਬਣਾਉਣ ਦੀ ਯੋਜਨਾ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਕਮਲਨਾਥ 1984 ਕਤਲੇਆਮ 'ਚ ਸ਼ਾਮਲ ਸੀ ਤੇ ਕਾਗਰਸ ਉਨ੍ਹਾਂ ਦਾ ਸਾਥ ਦੇ ਰਹੀ ਹੈ। ਮਜੀਠੀਆ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਲੋਕਾਂ ਨੂੰ ਠੱਗ ਲਿਆ ਹੈ। ਆਮ ਆਦਮੀ ਪਾਰਟੀ ਤੋਂ ਮੁਅੱਤਲ ਕੀਤੇ ਗਏ ਸੁਖਪਾਲ ਸਿੰਘ ਖਹਿਰਾ ਨੇ ਵੀ ਕਮਲਨਾਥ ਨੂੰ ਮੁਖ ਮੰਤਰੀ ਬਣਾਏ ਜਾਣ 'ਤੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ।
ਖਹਿਰਾ ਨੇ ਕਿਹਾ ਕਿ ਕਾਂਗਰਸ ਕਮਲਨਾਥ ਨੂੰ ਮੁਖ ਮੰਤਰੀ ਬਣਾਉਣ ਦੀ ਤਿਆਰੀ ਕਰ ਸਿਖਾਂ ਨਾਲ ਧੋਖਾ ਕਰ ਰਹੀ ਹੈ। ਇਸ ਵਿਰੋਧ ਦੇ ਬਾਵਜੂਦ ਕਾਂਗਰਸ ਕਮਲਨਾਥ ਲਈ ਢਾਲ ਬਣਦੀ ਵਿਖਾਈ ਦੇ ਰਹੀ ਹੈ... ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਰੋਧੀ ਪਾਰਟੀਆਂ ਵੱਲੋਂ ਚੁੱਕੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਆਪਣੀ ਪਾਰਟੀ ਦਾ ਸਾਥ ਦਿੱਤਾ। ਕਮਲਨਾਥ ਨੂੰ ਲੈ ਕੇ ਪੰਜਾਬ ਦੀ ਸਿਆਸਤ ਭਖੀ ਹੋਈ ਹੈ ਅਤੇ ਵਿਰੋਧੀਆਂ ਵੱਲੋਂ ਲਗਾਤਾਰ ਸ਼ਬਦੀ ਹੱਲੇ ਬੋਲੇ ਜਾ ਰਹੇ ਹਨ, ਹੁਣ ਦੇਖਣਾ ਇਹ ਹੈ ਕਿ ਕਾਂਗਰਸ ਵੱਲੋਂ ਇਸ ਵਿਵਾਦ ਦਾ ਬਾਅਦ ਕੀ ਫੈਸਲਾ ਲਿਆ ਜਾਵੇਗਾ ਅਤੇ ਜੇਕਰ ਕਮਲਨਾਥ ਨੂੰ ਮੁਖ ਮੰਤਰੀ ਨਹੀਂ ਬਣਾਇਆ ਗਿਆ ਤਾਂ ਫੇਰ ਕਿਸ ਦੇ ਸਿਰ 'ਤੇ ਮੁਖ ਮੰਤਰੀ ਦਾ ਤਾਜ ਰੱਖਿਆ ਜਾਵੇਗਾ |