ਮੋਦੀ ਸਰਕਾਰ ਦੇਸ਼ ਵਿਚ ਫ਼ਿਰਕੂ ਵੰਡੀਆਂ ਪਾ ਰਹੀ ਹੈ: ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਮੌਲੀ ਬੈਦਵਾਣ ਦੇ ਸਰਕਾਰੀ ਹਾਈ ਸਕੂਲ ਲਈ ਪੰਜ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਭੇਟ

Balbir Singh Sidhu

ਐਸ.ਏ.ਐਸ. ਨਗਰ  (ਸੁਖਦੀਪ ਸਿੰਘ ਸੋਈਂ): ਸਿਹਤ ਤੇ ਪਰਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇਸ਼ ਨੂੰ ਸ਼ਰ੍ਹੇਆਮ ਫਿਰਕੂ ਲੀਹਾਂ 'ਤੇ ਵੰਡ ਰਹੀ ਹੈ, ਜਿਸ ਦੀ ਤਾਜ਼ਾ ਤੇ ਉੱਘੜਵੀਂ ਮਿਸਾਲ ਹੈ ਨਾਗਰਿਕਤਾ ਸੋਧ ਕਾਨੂੰਨ। ਇਸ ਕਾਨੂੰਨ ਤਹਿਤ ਦੂਜੇ ਦੇਸ਼ਾਂ ਤੋਂ ਆਏ ਗ਼ੈਰ ਮੁਸਲਿਮ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦੀ ਇਜਾਜ਼ਤ ਹੈ।

ਸਿੱਧੂ ਨੇ ਕਿਹਾ ਕਿ ਜੇ ਨਾਗਰਿਕਤਾ ਦੇਣੀ ਹੈ ਤਾਂ ਇਸ ਨੂੰ ਧਰਮ ਦੇ ਆਧਾਰ 'ਤੇ ਨਾ ਵੇਖਿਆ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮੁਲਕ ਦੇ ਫਿਰਕੂ ਤਾਣੇ-ਬਾਣੇ ਨੂੰ ਤੋੜ-ਮਰੋੜ ਰਹੀ ਹੈ, ਜਿਸ ਦਾ ਪੂਰੇ ਦੇਸ਼ ਵਿਚ ਵਿਰੋਧ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਆਰਥਕ ਫ਼ਰੰਟ 'ਤੇ ਵਿਖਾਉਣ ਲਈ ਕੋਈ ਜ਼ਿਕਰਯੋਗ ਪ੍ਰਾਪਤੀ ਨਹੀਂ ਹੈ। ਆਰਥਕ ਵਿਕਾਸ ਦਰ ਲਗਾਤਾਰ ਨਿਵਾਣ ਵਲ ਜਾ ਰਹੀ ਹੈ।

ਹੁਣ ਸਰਕਾਰ ਅਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਨਾਗਰਿਕਤਾ ਸੋਧ ਕਾਨੂੰਨ ਲੈ ਕੇ ਆਈ ਹੈ। ਉਨ੍ਹਾਂ ਲੋਕਾਂ ਨੂੰ ਭਾਜਪਾ ਦੀਆਂ ਅਜਿਹੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਇਥੇ ਪਿੰਡ ਮੌਲੀ ਬੈਦਵਾਣ ਦੇ ਸਰਕਾਰੀ ਹਾਈ ਸਕੂਲ ਵਿਚ ਹੋਏ ਸਮਾਗਮ ਦੌਰਾਨ ਸਮਾਰਟ ਸਕੂਲ ਸਕੀਮ ਤਹਿਤ ਕਮਰਾ ਬਣਾਉਣ ਲਈ ਪੰਜ ਲੱਖ ਰੁਪਏ ਦਾ ਚੈੱਕ ਭੇਟ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਸੀਮਤ ਸਰੋਤਾਂ ਦੇ ਬਾਵਜੂਦ ਸੂਬਾ ਸਰਕਾਰ ਨੇ ਰਾਜ ਵਿਚ ਵਿਕਾਸ ਕਾਰਜਾਂ ਵਿਚ ਕਿਤੇ ਵੀ ਕੋਈ ਖੜੋਤ ਨਹੀਂ ਆਉਣ ਦਿਤੀ।

ਉਨ੍ਹਾਂ ਕਿਹਾ ਕਿ ਉਹ ਇਸ ਪਿੰਡ ਲਈ ਹੁਣ ਤਕ 55 ਲੱਖ ਰੁਪਏ ਦੀ ਗਰਾਂਟ ਦੇ ਚੁਕੇ ਹਨ।ਉਨ੍ਹਾਂ ਪਿੰਡ ਵਾਸੀਆਂ ਦੀ ਮੰਗ 'ਤੇ ਸਕੂਲ ਨੂੰ ਬਾਰ੍ਹਵੀਂ ਤਕ ਅਪਗ੍ਰੇਡ ਕਰਵਾਉਣ ਦਾ ਵੀ ਭਰੋਸਾ ਦਿਤਾ ਅਤੇ ਕਬਰਿਸਤਾਨ ਲਈ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪਿੰਡ ਦੇ ਪਰਵਾਸੀ ਭਾਰਤੀ ਉਮਰਾਓ ਸਿੰਘ ਬੈਦਵਾਣ ਨੇ ਸਕੂਲ ਵਾਸਤੇ ਇਕ ਲੱਖ ਰੁਪਏ ਦਾ ਚੈੱਕ ਦਿਤਾ।

ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਡਿਪਟੀ ਡੀ.ਈ.ਓ. ਰਵਿੰਦਰ ਕੌਰ, ਸਕੂਲ ਦੇ ਮੁੱਖ ਅਧਿਆਪਕ ਸੰਜੀਵ ਕੁਮਾਰ, ਭਗਤ ਸਿੰਘ ਨਾਮਧਾਰੀ, ਸਰਪੰਚ ਬਾਲਕ੍ਰਿਸ਼ਨ ਗੋਇਲ, ਬੀ.ਡੀ.ਪੀ.ਓ. ਹਿਤੇਨ ਕਪਿਲਾ, ਸਰਬਜੀਤ ਸਿੰਘ, ਬਲਜਿੰਦਰ ਸਿੰਘ ਰਾਜਾ ਪੰਚ, ਗੁਰਬਾਜ਼ ਸਿੰਘ ਪੰਚ, ਜਸਵੰਤ ਸਿੰਘ ਪੰਚ, ਇੰਦਰਜੀਤ ਕੌਸ਼ਿਕ ਪੰਚ, ਭਰਪੂਰ ਸਿੰਘ ਪੰਚ, ਕੰਵਲਜੀਤ ਸਿੰਘ ਪੰਚ, ਹਮੀਰ ਸਿੰਘ ਪੰਚ, ਬੰਤ ਸਿੰਘ, ਗੁਰਧਿਆਨ ਸਿੰਘ ਦੁਰਾਲੀ ਅਤੇ ਪੰਡਤ ਸ਼ਿਵਰਾਜ ਹਾਜ਼ਰ ਸਨ।