ਕਿਸਾਨਾਂ ਵਲੋਂ ਦਿੱਲੀ-ਜੈਪੁਰ ਹਾਈਵੇ ਨੂੰ ਬੰਦ ਕਰਨ ਲਈ ਦਿੱਲੀ ਵਲ ਕੂਚ ਜਾਰੀ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਵਲੋਂ ਦਿੱਲੀ-ਜੈਪੁਰ ਹਾਈਵੇ ਨੂੰ ਬੰਦ ਕਰਨ ਲਈ ਦਿੱਲੀ ਵਲ ਕੂਚ ਜਾਰੀ

image

ਯੋਗਿੰਦਰ ਯਾਦਵ ਤੇ ਮੇਧਾ ਪਾਟੇਕਰ ਰਾਜਸਥਾਨੀ ਕਿਸਾਨਾਂ ਦੀ ਅਗਵਾਈ ਕਰ ਰਹੇ ਹਨ

ਦਿੱਲੀ, 13 ਦਸੰਬਰ: ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਪਿਛਲੇ 17 ਦਿਨਾਂ ਤੋਂ ਦਿੱਲੀ ਸਰਹੱਦ 'ਤੇ ਡਟੇ ਕਿਸਾਨਾਂ ਨੇ ਅਪਣਾ ਅੰਦੋਲਨ ਤੇਜ਼ ਕਰ ਦਿਤਾ ਹੈ।
ਜਾਣਕਾਰੀ ਅਨੁਸਾਰ ਕਿਸਾਨਾਂ ਨੇ ਦਿੱਲੀ-ਜੈਪੁਰ ਹਾਈਵੇ ਨੂੰ ਬੰਦ ਕਰਨ ਲਈ ਦਿੱਲੀ ਵਲ ਕੂਚ ਕਰਨਾ ਸ਼ੁਰੂ ਕਰ ਦਿਤਾ ਹੈ। ਨਿਊਜ਼ ਏਜੰਸੀ ਏ.ਐੱਨ.ਆਈ. ਅਨੁਸਾਰ, ਕਿਸਾਨ ਜੈਸਿੰਹਪੁਰ-ਖੇੜਾ ਸਰਹੱਦ (ਰਾਜਸਥਾਨ-ਹਰਿਆਣਾ ਸਰਹੱਦ) ਨੇੜੇ ਸ਼ਾਹਜਹਾਂਪੁਰ ਵਿਖੇ ਇਕੱਠੇ ਹੋਏ ਹਨ। ਸੁਰੱਖਿਆ ਬਲਾਂ ਨੇ ਇਥੇ ਬੈਰੀਕੇਡ ਲਗਾ ਦਿਤੇ ਹਨ। ਇਸ ਵਿਚਕਾਰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ।
ਕਿਸਾਨਾਂ ਦੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਵਾਧੂ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਅਤੇ ਥਾਂ ਥਾਂ ਮਲਟੀ ਲੇਅਰ ਬੈਰੀਕੇਡਜ਼ ਲਗਾ ਕੇ ਸੁਰੱਖਿਆ ਵਧਾ ਦਿਤੀ ਹੈ। ਸ਼ਨੀਵਾਰ ਨੂੰ ਕਿਸਾਨ ਨੇਤਾਵਾਂ ਨੇ 14 ਦਸੰਬਰ (ਸੋਮਵਾਰ) ਨੂੰ ਭੁੱਖ ਹੜਤਾਲ ਦਾ ਐਲਾਨ ਵੀ ਕੀਤਾ। ਸਰਕਾਰ ਦੀ ਕੋਸ਼ਿਸ਼ ਹੈ ਕਿ ਗੱਲਬਾਤ ਰਾਹੀਂ ਰੇੜਕਾ ਖ਼ਤਮ ਕੀਤਾ ਜਾਵੇ, ਪਰ ਕਿਸਾਨ ਸੰਗਠਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜੇ ਹੋਏ ਹਨ। ਕਿਸਾਨ ਨੇਤਾਵਾਂ ਅਤੇ ਸਰਕਾਰ ਵਿਚਕਾਰ ਕਈ ਦੌਰ ਦੀ ਗੱਲਬਾਤ ਹੋ ਚੁਕੀ ਹੈ, ਪਰ ਨਤੀਜਾ ਨਹੀਂ ਨਿਕਲਿਆ।
ਸਿੰਘੂ ਸਰਹੱਦ ਤੋਂ ਕਿਸਾਨ ਆਗੂ ਗੁਰਨਾਮ ਸਿੰਘ ਨੇ ਕਿਹਾ ਕਿ ਕਲ ਸਾਰੀਆਂ ਸੰਸਥਾਵਾਂ ਦੇ ਮੁਖੀ ਇਕ ਦਿਨ ਲਈ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤਕ ਭੁੱਖ ਹੜਤਾਲ ਕਰਨਗੇ। ਇਕ ਹੋਰ ਖ਼ਬਰ ਅਨੁਸਾਰ, ਕਿਸਾਨਾਂ ਦਾ ਟਰੈਕਟਰ ਮਾਰਚ ਰਾਜਸਥਾਨ-ਹਰਿਆਣਾ ਸਰਹੱਦ ਵੱਲ ਵਧ ਰਿਹਾ ਹੈ। ਹਰਿਆਣਾ ਪੁਲੀਸ ਨੇ ਜੈਪੁਰ-ਦਿੱਲੀ ਹਾਈਵੇਅ ਬੰਦ ਕਰ ਦਿਤਾ ਹੈ ਪਰ ਦਿੱਲੀ-ਜੈਪੁਰ ਮਾਰਗ ਚੱਲ ਰਿਹਾ ਹੈ।
ਕਿਸਾਨ ਟਰੈਕਟਰ ਲੈ ਕੇ ਪੁੱਜ ਗਏ ਹਨ। ਯੋਗਿੰਦਰ ਯਾਦਵ ਇਸ ਮਾਰਚ ਦੀ ਅਗਵਾਈ ਕਰ ਰਹੇ ਹਨ ਤੇ ਮੇਧਾ ਪਾਟਕਰ ਵੀ ਨਾਲ ਹਨ। ਦਿੱਲੀ ਪੁਲੀਸ ਨੇ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ਦੀ ਹਰਿਆਣਾ ਨਾਲ ਲੱਗਦੀ ਸਰਹੱਦ 'ਤੇ ਚੌਕਸੀ ਵਧਾ ਦਿਤੀ ਹੈ, ਕਿਉਂਕਿ ਕਿਸਾਨ ਨੇ ਜੈਪੁਰ ਨੈਸ਼ਨਲ ਹਾਈਵੇ -8, ਜੋ ਕਿ ਗੁੜਗਾਉਂ ਵਿਚੋਂ ਲੰਘਦਾ ਹੈ, ਨੂੰ ਬੰਦ ਕਰਨ ਦੀ ਯੋਜਨਾ ਬਣਾਈ ਗਈ ਸੀ। ਕੌਮੀ ਰਾਜਧਾਨੀ ਦੀਆਂ ਸਰਹੱਦਾਂ 'ਤੇ ਕਿਸਾਨ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਸ਼ਹਿਰ ਦੀ ਪੁਲੀਸ ਨੇ ਹੋਰ ਅਮਲੇ ਨੂੰ ਤਾਇਨਾਤ ਕਰ ਕੇ ਦਿਤਾ ਹੈ।  (ਏਜੰਸੀ)