ਚੰਡੀਗੜ੍ਹ SSP ਵਿਵਾਦ: ਰਾਜਪਾਲ ਨੇ ਦਿੱਤਾ CM ਭਗਵੰਤ ਮਾਨ ਦੀ ਚਿੱਠੀ ਦਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ-28 ਨਵੰਬਰ ਨੂੰ ਮੁੱਖ ਸਕੱਤਰ ਪੰਜਾਬ ਤੋਂ ਕੀਤੀ ਗਈ ਸੀ ਪੈਨਲ ਦੀ ਮੰਗ

Punjab Governor Banwari Lal Purohit and Chief Minister Bhagwant Mann



ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸਾਬਕਾ ਐਸਐਸਪੀ ਚੰਡੀਗੜ੍ਹ ਕੁਲਦੀਪ ਚਾਹਲ ਨੂੰ ਫਾਰਗ ਕਰਨ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੱਤਰ ’ਤੇ ਸਵਾਲ ਚੁੱਕੇ ਹਨ। ਉਹਨਾਂ ਲਿਖਿਆ ਕਿ ਪੱਤਰ ਦੇ ਤੱਥ ਦਰਸਾਉਂਦੇ ਹਨ ਕਿ ਲਿਖਣ ਅਤੇ ਭੇਜਣ ਸਮੇਂ ਸਹੀ ਤੱਥਾਂ ਦਾ ਪਤਾ ਲਗਾਉਣ ਲਈ ਸਾਵਧਾਨੀ ਨਹੀਂ ਵਰਤੀ ਗਈ।

ਰਾਜਪਾਲ ਨੇ ਲਿਖਿਆ ਕਿ ਐਸਐਸਪੀ ਯੂਟੀ ਕੁਲਦੀਪ ਚਾਹਲ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਸਨ। ਫਿਰ ਉਹਨਾਂ ਨੇ ਆਪਣੇ ਭਰੋਸੇਯੋਗ ਸਰੋਤਾਂ ਤੋਂ ਸ਼ਿਕਾਇਤਾਂ ਦੀ ਪ੍ਰਮਾਣਿਕਤਾ ਦਾ ਪਤਾ ਲਗਾਇਆ। 28 ਨਵੰਬਰ 2022 ਨੂੰ ਮੁੱਖ ਸਕੱਤਰ ਪੰਜਾਬ ਨੂੰ ਟੈਲੀਫੋਨ 'ਤੇ ਐਸਐਸਪੀ ਨੂੰ ਹਟਾਉਣ ਦੇ ਫੈਸਲੇ ਬਾਰੇ ਸੂਚਿਤ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਨੂੰ ਐਸਐਸਪੀ ਯੂਟੀ ਦੇ ਅਹੁਦੇ ਲਈ ਹੁਨਰਮੰਦ ਆਈਪੀਐਸ ਅਧਿਕਾਰੀਆਂ ਦਾ ਇਕ ਪੈਨਲ ਭੇਜਣ ਦੀ ਸਲਾਹ ਦਿੱਤੀ ਗਈ।

ਰਾਜਪਾਲ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਕਿਹਾ ਕਿ ਡੀਜੀਪੀ ਯੂਟੀ ਪ੍ਰਵੀਰ ਰੰਜਨ ਉਹਨਾਂ ਨੂੰ ਤੱਥਾਂ ਤੋਂ ਜਾਣੂ ਕਰਵਾਉਣਗੇ। ਇਸ ਤੋਂ ਬਾਅਦ 30 ਨਵੰਬਰ 2022 ਨੂੰ ਸ਼ਾਮ 4.30 ਵਜੇ ਡੀਜੀਪੀ ਪ੍ਰਵੀਰ ਰੰਜਨ ਨੇ ਉਹਨਾਂ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਤੋਂ ਐਸਐਸਪੀ ਦੇ ਅਹੁਦੇ ਲਈ ਪੈਨਲ ਭੇਜਣ ਦੀ ਮੰਗ ਕੀਤੀ। 30 ਨਵੰਬਰ 2022 ਨੂੰ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਨੇ ਵੀ ਮੁੱਖ ਸਕੱਤਰ ਨਾਲ ਟੈਲੀਫੋਨ 'ਤੇ ਗੱਲ ਕੀਤੀ ਅਤੇ ਉਹਨਾਂ ਨੂੰ ਪੈਨਲ ਭੇਜਣ ਦੀ ਬੇਨਤੀ ਕੀਤੀ।

ਇਸ ਤੋਂ ਬਾਅਦ ਮੁੱਖ ਸਕੱਤਰ ਪੰਜਾਬ ਨੇ 30 ਨਵੰਬਰ ਨੂੰ ਸ਼ਾਮ 5.30 ਵਜੇ ਦੇ ਕਰੀਬ ਰਾਜਪਾਲ ਨਾਲ ਉਹਨਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ। ਹੋਰ ਮਾਮਲਿਆਂ 'ਤੇ ਚਰਚਾ ਕਰਨ ਤੋਂ ਇਲਾਵਾ ਰਾਜਪਾਲ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਆਈਪੀਐਸ ਅਧਿਕਾਰੀਆਂ ਦਾ ਇਕ ਪੈਨਲ ਭੇਜਣ ਦੀ ਸਲਾਹ ਦਿੱਤੀ। ਰਾਜਪਾਲ ਬੀਐਲ ਪੁਰੋਹਤ ਨੇ ਦੱਸਿਆ ਕਿ 30 ਨਵੰਬਰ ਨੂੰ ਆਈਪੀਐਸ ਕੁਲਦੀਪ ਸਿੰਘ ਚਾਹਲ ਨੇ ਵੀ ਉਹਨਾਂ ਨੂੰ ਫੋਨ ਕੀਤਾ ਸੀ।

ਕੁਲਦੀਪ ਚਹਿਲ ਨੇ ਉਹਨਾਂ ਨੂੰ ਸਪੱਸ਼ਟ ਕਿਹਾ ਕਿ ਉਹ ਆਪਣੇ ਪੰਜਾਬ ਕਾਡਰ ਵਿਚ ਵਾਪਸ ਜਾਣਾ ਚਾਹੁੰਦਾ ਹੈ। ਪਰ ਸੀਐਮ ਭਗਵੰਤ ਮਾਨ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਵਿਚ ਰੁੱਝੇ ਹੋਏ ਸਨ। ਇਸ ਕਾਰਨ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਰਾਜਪਾਲ ਬੀਐਲ ਪੁਰੋਹਿਤ ਨੇ ਲਿਖਿਆ ਕਿ ਸੀਐਮ ਭਗਵੰਤ ਮਾਨ ਨੇ ਵੀ ਇਸ ਸਬੰਧ ਵਿਚ ਪੰਜਾਬ ਬਨਾਮ ਹਰਿਆਣਾ ਦਾ ਬੇਲੋੜਾ ਮੁੱਦਾ ਉਠਾਇਆ ਹੈ, ਜੋ  ਕਿ  ਐਡਹਾਕ ਨਿਯੁਕਤੀ ਦੇ ਇਸ ਕੇਸ ਵਿਚ ਲਾਗੂ  ਨਹੀਂ ਹੁੰਦਾ।