Punjab News: ਪ੍ਰੋਫੈਸਰ ਦੀ ਕੁੱਟਮਾਰ ਮਾਮਲੇ ‘ਚ 12 ਵਿਦਿਆਰਥੀ ਸਸਪੈਂਡ, ਪੰਜਾਬੀ ਯੂਨੀਵਰਸਿਟੀ ਦੀ ਵੱਡੀ ਕਾਰਵਾਈ
ਸਿਰਫ਼ ਪ੍ਰੀਖਿਆ ਦੇਣ ਲਈ ਯੂਨੀਵਰਸਿਟੀ ਆ ਸਕਣਗੇ ਵਿਦਿਆਰਥੀ
Punjab News: ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਵਿਚ ਪੰਜਾਬੀ ਵਿਭਾਗ ਦੇ ਪ੍ਰੋ. ਸੁਰਜੀਤ ਸਿੰਘ ਦੀ ਕੁੱਟਮਾਰ ਕਰਨ ਦੇ ਇਲਜ਼ਾਮ ਤਹਿਤ ਯੂਨੀਵਰਸਿਟੀ ਪ੍ਰਸ਼ਾਸਨ ਨੇ 12 ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿਤਾ ਹੈ। ਯੂਨੀਵਰਸਿਟੀ ਨੇ ਸਖ਼ਤ ਕਾਰਵਾਈ ਕਰਦਿਆਂ ਇਨ੍ਹਾਂ ਸਾਰੇ ਵਿਦਿਆਰਥੀਆਂ ਦੇ ਕੈਂਪਸ ਵਿਚ ਦਾਖਲੇ ’ਤੇ ਪਾਬੰਦੀ ਲਗਾ ਦਿਤੀ ਹੈ। ਇਹ ਵਿਦਿਆਰਥੀ ਸਿਰਫ਼ ਪ੍ਰੀਖਿਆ ਦੇਣ ਲਈ ਯੂਨੀਵਰਸਿਟੀ ਆ ਸਕਣਗੇ।
ਸੂਤਰਾਂ ਅਨੁਸਾਰ 4 ਵਿਦਿਆਰਥੀ ਖੁਦ ਕਮੇਟੀ ਸਾਹਮਣੇ ਪੇਸ਼ ਹੋਏ ਅਤੇ ਅਪਣਾ ਪੱਖ ਵੀ ਰੱਖਿਆ। ਜਦਕਿ 8 ਵਿਦਿਆਰਥੀ ਕਮੇਟੀ ਸਾਹਮਣੇ ਪੇਸ਼ ਨਹੀਂ ਹੋਏ ਪਰ ਇਨ੍ਹਾਂ ਦੀ ਪਛਾਣ ਕਰਨ ਮਗਰੋਂ ਇਨ੍ਹਾਂ ਵਿਰੁਧ ਕਾਰਵਾਈ ਕੀਤੀ ਗਈ। ਦਸਿਆ ਜਾ ਰਿਹਾ ਹੈ ਕਿ ਪ੍ਰੋਫੈਸਰ ਵਲੋਂ ਇਕ ਲੜਕੀ ਵਿਰੁਧ ਮਾਣਹਾਨੀ ਦਾ ਮਾਮਲਾ ਵੀ ਦਾਇਰ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ 13 ਸਤੰਬਰ ਨੂੰ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਦੀ ਉਸ ਦੇ ਬਠਿੰਡਾ ਸਥਿਤ ਘਰ ਵਿਚ ਬੀਮਾਰੀ ਕਾਰਨ ਮੌਤ ਹੋ ਗਈ ਸੀ। ਇਸ ਮਗਰੋਂ ਵਿਦਿਆਰਥੀਆਂ ਨੇ ਪ੍ਰੋਫੈਸਰ ’ਤੇ ਵਿਦਿਆਰਥਣ ਨਾਲ ਗ਼ਲਤ ਵਿਵਹਾਰ ਅਤੇ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਇਲਜ਼ਾਮ ਲਗਾਇਆ। ਵਿਦਿਆਰਥੀਆਂ ਦੀ ਭੀੜ ਵਲੋਂ ਉਕਤ ਪ੍ਰੋਫੈਸਰ ਦੀ ਕੁੱਟਮਾਰ ਕੀਤੀ ਗਈ।
ਇਸ ਮਾਮਲੇ ਦੀ ਸਾਬਕਾ ਜੱਜ ਦੀ ਅਗਵਾਈ ਹੇਠ ਕਮੇਟੀ ਵਲੋਂ ਜਾਂਚ ਕੀਤੀ ਗਈ। ਜਾਂਚ ਮਗਰੋਂ ਥਾਣਾ ਅਰਬਨ ਐਸਟੇਟ ਦੀ ਪੁਲਿਸ ਨੇ ਕਈ ਵਿਦਿਆਰਥੀਆਂ ਵਿਰੁਧ ਕੇਸ ਦਰਜ ਕੀਤੇ। ਜੱਜ ਨੇ ਅਪਣੀ ਰੀਪੋਰਟ ਵਿਚ ਅਧਿਆਪਕ ਦਾ ਵਤੀਰਾ ਸਹੀ ਨਾ ਹੋਣ ਦੀ ਟਿੱਪਣੀ ਕੀਤੀ, ਜਿਸ ਕਾਰਨ ਉਸ ਨੂੰ ਵੀ ਮੁਅਤਲ ਕਰ ਦਿਤਾ ਗਿਆ ਸੀ। ਇਸ ਮਗਰੋਂ ਅਧਿਆਪਕ ’ਤੇ ਹਮਲਾ ਕਰਨ ਵਾਲੇ ਵਿਦਿਆਰਥੀਆਂ ਵਿਰੁਧ ਅਨੁਸ਼ਾਸਨੀ ਕਾਰਵਾਈ ਦੀ ਮੰਗ ਚੁੱਕੀ ਗਈ ਸੀ।