ਪੰਜਾਬੀਆਂ ਨੂੰ ਮਿਲਿਆ ਤੋਹਫ਼ਾ, ਏਅਰ ਇੰਡੀਆ ਐਕਸਪ੍ਰੈੱਸ ਅੰਮ੍ਰਿਤਸਰ ਤੋਂ ਸ਼ੁਰੂ ਕਰੇਗੀ ਨਵੀਂਆਂ ਉਡਾਣਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਰੀ ਸਮਾਂ ਸੂਚੀ ਅਨੁਸਾਰ ਬੈਂਗਾਲੁਰੂ ਤੋਂ ਉਡਾਣ ਸਵੇਰੇ 5:55 ਵਜੇ ਰਵਾਨਾ ਹੋਵੇਗੀ ਅਤੇ 9:20 ਵਜੇ ਅੰਮ੍ਰਿਤਸਰ ਪਹੁੰਚੇਗੀ।

Air India Express will start new flights from Amritsar

ਅੰਮ੍ਰਿਤਸਰ (ਬਹੋੜੂ) : ਪੰਜਾਬ ਦੇ ਹਵਾਈ ਸੰਪਰਕ ਨੂੰ ਸਾਲ 2025 ਦੀ ਆਮਦ ’ਤੇ ਇਕ ਵੱਡਾ ਹੁਲਾਰਾ ਮਿਲਣ ਜਾ ਰਿਹਾ ਹੈ। ਏਅਰ ਇੰਡੀਆ ਐਕਸਪ੍ਰੈਸ 27 ਦਸੰਬਰ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਤੋਂ ਦੋ ਨਵੀਆਂ ਉਡਾਣਾਂ ਸ਼ੁਰੂ ਕਰ ਰਹੀ ਹੈ ਜੋ ਕਿ ਅੰਮ੍ਰਿਤਸਰ ਨੂੰ ਸਿੱਧਾ ਬੈਂਕਾਕ ਅਤੇ ਬੈਂਗਲੁਰੂ ਨਾਲ ਜੋੜਨਗੀਆਂ।

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਕਨਵੀਨਰ ਯੋਗੇਸ਼ ਕਮਰਾ ਨੇ ਕਿਹਾ ਕਿ ਇਹ ਨਵੀਆਂ ਉਡਾਣਾਂ ਪੰਜਾਬ ਦੇ ਹਵਾਈ ਸੰਪਰਕ ਅਤੇ ਪੰਜਾਬੀਆਂ ਲਈ ਨਵੇਂ ਸਾਲ ਦਾ ਤੋਹਫਾ ਹਨ ਅਤੇ ਇਹ ਹੋਰ ਵਧੇਰੇ ਅੰਤਰਰਾਸ਼ਟਰੀ ਅਤੇ ਘਰੇਲੂ ਸੈਲਾਨੀਆਂ ਨੂੰ ਆਕਰਸ਼ਿਤ ਕਰਨਗੀਆਂ।

ਜਾਰੀ ਸਮਾਂ ਸੂਚੀ ਅਨੁਸਾਰ ਬੈਂਗਾਲੁਰੂ ਤੋਂ ਉਡਾਣ ਸਵੇਰੇ 5:55 ਵਜੇ ਰਵਾਨਾ ਹੋਵੇਗੀ ਅਤੇ 9:20 ਵਜੇ ਅੰਮ੍ਰਿਤਸਰ ਪਹੁੰਚੇਗੀ। ਇੱਥੋਂ ਵਾਪਸੀ ਦੀ ਉਡਾਣ ਰਾਤ 11:30 ਵਜੇ ਰਵਾਨਾ ਹੋਵੇਗੀ ਜੋ ਅਗਲੀ ਸਵੇਰੇ 2:45 ਵਜੇ ਬੈਂਗਲੂਰੂ ਪਹੁੰਚੇਗੀ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਉਡਾਣ ਸਵੇਰੇ 10:40 ਵਜੇ ਰਵਾਨਾ ਹੋ ਕੇ ਬੈਂਕਾਕ ਦੇ ਸਵਰਣਭੂਮੀ ਹਵਾਈ ਅੱਡੇ ’ਤੇ ਸ਼ਾਮ 5:00 ਵਜੇ ਪਹੁੰਚੇਗੀ।

ਵਾਪਸੀ ਦੀ ਉਡਾਣ ਸ਼ਾਮ 6:00 ਵਜੇ ਬੈਂਕਾਕ ਤੋਂ ਰਵਾਨਾ ਹੋਵੇਗੀ ਅਤੇ 9:30 ਵਜੇ ਅੰਮ੍ਰਿਤਸਰ ਪਹੁੰਚੇਗੀ। ਬੈਂਕਾਕ ਅਤੇ ਬੈਂਗਲੁਰੂ ਲਈ ਉਡਾਣ ਸੇਵਾ ਹਫ਼ਤੇ ਵਿਚ ਚਾਰ ਦਿਨ ਸੋਮਵਾਰ, ਬੁਧਵਾਰ, ਸ਼ੁਕਰਵਾਰ ਅਤੇ ਐਤਵਾਰ ਨੂੰ ਬੋਇੰਗ 737 ਮੈਕਸ 8 ਜਹਾਜ਼ ਰਾਹੀਂ ਚੱਲੇਗੀ। ਬੀਤੇ 27 ਅਕਤੂਬਰ ਤੋਂ ਥਾਈ ਲਾਇਨ ਏਅਰ ਵਲੋਂ ਬੈਂਕਾਂਕ ਦੇ ਡੌਨ ਮੁਏਂਗ ਹਵਾਈ ਅੱਡੇ ਤੋਂ ਸਿੱਧਾ ਅੰਮ੍ਰਿਤਸਰ ਲਈ ਹਫ਼ਤੇ ਵਿਚ ਚਾਰ ਦਿਨ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। 

ਏਅਰ ਇੰਡੀਆ ਐਕਸਪ੍ਰੈੱਸ ਦੀਆਂ ਨਵੀਆਂ ਉਡਾਣਾਂ ਸ਼ੁਰੂ ਹੋਣ ਨਾਲ ਹੁਣ ਅੰਮ੍ਰਿਤਸਰ-ਬੈਂਕਾਕ ਦਰਮਿਆਨ ਹਫ਼ਤੇ ਵਿਚ ਕੁੱਲ 8 ਉਡਾਣਾਂ ਹੋ ਜਾਣਗੀਆਂ, ਜਿਸ ਨਾਲ ਯਾਤਰੀਆਂ ਨੂੰ ਵਧੇਰੇ ਵਿਕਲਪ ਮਿਲਣਗੇ ਅਤੇ ਵਧੇਰੇ ਮੁਕਾਬਲੇ ਦੇ ਨਾਲ ਕਿਰਾਏ ਵਿਚ ਵੀ ਸੰਭਾਵੀ ਤੌਰ ’ਤੇ ਕਮੀ ਆਵੇਗੀ।