ਸਾਬਕਾ ਵਿਧਾਇਕ ਅੰਗੁਰਾਲ ਦੇ ਭਤੀਜੇ ਦਾ ਕਾਤਲ ਕਾਬੂ
ਮੁੱਖ ਮੁਲਜ਼ਮ ਰਵੀ ਉਰਫ਼ ਕਾਲੂ ਨੂੰ ਜਲੰਧਰ ਪਛਮੀ ਹਲਕੇ ਤੋਂ ਕੀਤਾ ਗਿਆ ਗ੍ਰਿਫ਼ਤਾਰ
ਜਲੰਧਰ: ਜਲੰਧਰ ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਤੀਜੇ ਦਾ ਸ਼ੁਕਰਵਾਰ ਦੇਰ ਰਾਤ ਸ਼ਹਿਰ ਦੇ ਬਸਤੀ ਦਾਨਿਸ਼ਮੰਦਾ ਇਲਾਕੇ ਵਿਚ ਕਤਲ ਕਰ ਦਿਤਾ ਗਿਆ। ਮ੍ਰਿਤਕ ਦੀ ਪਛਾਣ 17 ਸਾਲ ਦੇ ਵਿਕਾਸ ਵਜੋਂ ਹੋਈ ਹੈ, ਜੋ ਕਿ ਸਾਬਕਾ ਵਿਧਾਇਕ ਦੇ ਚਚੇਰੇ ਭਰਾ ਦਾ ਪੁੱਤਰ ਹੈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਤਲ ਪਿੱਛੇ ਨਿੱਜੀ ਰੰਜਿਸ਼ ਹੈ। ਪੁਲਿਸ ਇਸ ਪਹਿਲੂ ਨੂੰ ਜਾਂਚ ਦਾ ਮੁੱਖ ਕਾਰਨ ਮੰਨ ਰਹੀ ਹੈ। ਪੁਲਿਸ ਨੇ ਕੁੱਝ ਘੰਟਿਆਂ ਬਾਅਦ ਹੀ ਮੁੱਖ ਮੁਲਜ਼ਮ ਰਵੀ ਉਰਫ਼ ਕਾਲੂ ਨੂੰ ਜਲੰਧਰ ਪਛਮੀ ਹਲਕੇ ਤੋਂ ਗਿ੍ਰਫ਼ਤਾਰ ਕਰ ਲਿਆ। ਸੂਤਰਾਂ ਅਨੁਸਾਰ, ਅੱਜ ਸ਼ਾਮ ਕੁੱਝ ਬਦਮਾਸ਼ਾਂ ਨੇ ਵਿਕਾਸ ਉਤੇ ਹਮਲਾ ਕਰਨ ਉਤੇ ਇਲਾਕੇ ਵਿਚ ਦਹਿਸ਼ਤ ਫੈਲ ਗਈ। ਰੀਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਨੌਜੁਆਨ ਉਤੇ ਬੇਰਹਿਮੀ ਨਾਲ ਹਮਲਾ ਕੀਤਾ। ਸਥਾਨਕ ਲੋਕਾਂ ਨੇ ਘਟਨਾ ਨੂੰ ਵੇਖਿਆ ਅਤੇ ਤੁਰਤ ਪਰਵਾਰ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਜ਼ਖਮੀ ਵਿਅਕਤੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿਤਾ। ਪਰਵਾਰ ਵਿਚ ਸੋਗ ਦਾ ਮਾਹੌਲ ਫੈਲ ਗਿਆ ਹੈ ਅਤੇ ਪੂਰੇ ਇਲਾਕੇ ਵਿਚ ਦਹਿਸ਼ਤ ਫੈਲ ਗਈ ਹੈ। (ਏਜੰਸੀ)