ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਦੀ ਚੋਣ ਲਈ ਅੱਜ ਪੈਣਗੀਆਂ ਵੋਟਾਂ
23 ਜ਼ਿਲ੍ਹਾ ਪ੍ਰੀਸ਼ਦਾਂ ਲਈ 1249 ਅਤੇ 154 ਬਲਾਕਾਂ ਲਈ 8,098 ਹਜ਼ਾਰ ਉਮੀਦਵਾਰ
ਚੰਡੀਗੜ੍ਹ (ਭੁੱਲਰ) : ਪੰਜਾਬ ਦੇ ਪਿੰਡਾਂ ਦੀਆਂ ਸਰਕਾਰਾਂ ਦੀ ਚੋਣ ਲਈ ਅੱਜ ਵੋਟਾਂ ਪੈ ਰਹੀਆਂ ਹਨ ਜਿਨ੍ਹਾਂ ਬਾਰੇ ਰਾਜ ਚੋਣ ਕਮਿਸ਼ਨ ਨੇ ਪ੍ਰਬੰਧ ਮੁਕੰਮਲ ਕਰ ਲਏ ਹਨ।। ਇਹ ਚੋਣਾਂ ਬੈਲਟ ਪੇਪਰ ਰਾਹੀਂ ਹੋਣੀਆਂ ਹਨ। ਇਨ੍ਹਾਂ ਚੋਣਾਂ ਵਿਚ ਪਿੰਡਾਂ ਨਾਲ ਸਬੰਧਤ 1 ਕਰੋੜ 36 ਲੱਖ 4 ਹਜ਼ਾਰ 650 ਵੋਟਰ ਹਨ। ਮੋਹਾਲੀ ਨੂੰ ਛੱਡ ਕੇ 23 ਜ਼ਿਲ੍ਹਾ ਪ੍ਰੀਸ਼ਦਾਂ ਦੀ ਚੋਣ ਲਈ 349 ਜ਼ੋਨ ਬਣਾਏ ਗਏ ਹਨ ਅਤੇ 1249 ਉਮੀਦਵਾਰ ਮੈਦਾਨ ਵਿਚ ਹਨ।
ਬਲਾਕ ਸੰਮਤੀਆਂ ਲਈ 2838 ਜ਼ੋਨ ਹਨ ਅਤੇ ਇਥੇ ਵੱਖ ਵੱਖ ਪਾਰਟੀਆਂ ਤੇ ਆਜ਼ਾਦ ਸਮੇਤ 8,098 ਉਮੀਦਵਾਰ ਚੋਣ ਲੜ ਰਹੇ ਹਨ। ਵੋਟਾਂ ਪਾਉਣ ਲਈ ਕੁਲ 13,013 ਪੋਲਿੰਗ ਸਟੇਸ਼ਨ ਹਨ ਅਤੇ 19,981 ਬੂਥ ਬਣਾਏ ਗਏ ਹਨ।
ਵੋਟਾਂ ਸਵੇਰੇ 8 ਤੋਂ ਸ਼ਾਮ 4 ਵਜੇ ਤਕ ਪੈਣੀਆਂ ਹਨ ਅਤੇ ਨਤੀਜੇ 17 ਦਸੰਬਰ ਨੂੰ ਆਉਣਗੇ। ਚੋਣਾਂ ਵਿਚ ਸੁਰੱਖਿਆ ਪ੍ਰਬੰਧਾਂ ਲਈ 45000 ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਵਿਸ਼ੇਸ਼ ਨਿਗਰਾਨ ਨਿਯੁਕਤ ਕੀਤੇ ਗਏ ਹਨ ਅਤੇ ਵੀਡੀਉਗ੍ਰਾਫ਼ੀ ਦੇ ਹੁਕਮ ਹਨ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਨਿਰਪੱਖ ਤੇ ਭੈਅ ਮੁਕਤ ਚੋਣਾਂ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਦਿਤੀਆਂ ਹਨ। ਬੈਲਟ ਪੇਪਰਾਂ ਬਾਰੇ ਸ਼ਿਕਾਇਤ ਦੇ ਬਾਰੇ ਉਨ੍ਹਾਂ ਕਿਹਾ ਕਿ ਅਜਿਹਾ ਕੁੱਝ ਨਹੀਂ ਹੋਣ ਦਿਤਾ ਜਾਵੇਗਾ।