ਕਾਂਗਰਸੀ ਵਿਧਾਇਕ ਜ਼ੀਰਾ ਵਲੋਂ ਲਾਏ ਇਲਜ਼ਾਮਾਂ ਸਬੰਧੀ ਸਫ਼ਾਈ ਦੇਣ ਕੈਪਟਨ : ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ.......

Sukhpal Singh Khaira

ਚੰਡੀਗੜ੍ਹ (ਨੀਲ): ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਉਹ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਲਾਏ ਗਏ ਇਲਜ਼ਾਮਾਂ ਦੀ ਸਫ਼ਾਈ ਦੇਣ ਕਿ ਡਰੱਗਸ ਸੂਬੇ ਵਿਚ ਵੱਡੀ ਮਾਤਰਾ ਵਿਚ ਅਸਾਨੀ ਨਾਲ ਮਿਲ ਜਾਂਦੇ ਹਨ ਅਤੇ ਡਰੱਗ ਮਾਫ਼ੀਆ ਨੂੰ ਪੁਲਿਸ ਦੀ ਸ਼ਹਿ ਹੈ। ਖਹਿਰਾ ਨੇ ਕਿਹਾ ਕਿ ਜ਼ੀਰਾ ਹਲਕੇ ਦੇ ਵਿਧਾਇਕ ਨੇ ਜਨਤਕ ਸਮਾਗਮ ਵਿਚ ਉਸ ਵੇਲੇ ਇਹ ਇਲਜ਼ਾਮ ਲਾਏ ਜਦੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸੀਨੀਅਰ ਪੁਲਿਸ ਅਫਸਰਾਂ ਦੀ ਹਾਜ਼ਰੀ ਵਿਚ ਪੰਚਾਂ-ਸਰਪੰਚਾਂ ਨੂੰ ਸਹੁੰ ਚੁਕਾਈ ਜਾ ਰਹੀ ਸੀ।

ਜ਼ੀਰਾ ਨੇ ਸਾਫ਼ ਤੌਰ ’ਤੇ ਪੁਲਿਸ ਉਪਰ ਡਰੱਗ ਮਾਫ਼ੀਆ ਨੂੰ ਸ਼ਹਿ ਦੇਣ ਦੇ ਇਲਜ਼ਾਮ ਲਗਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਦਾਅਵਿਆਂ ਦੀ ਫ਼ੂਕ ਕੱਢ ਕੇ ਰੱਖ ਦਿਤੀ ਕਿ ਪੰਜਾਬ ਵਿਚੋਂ ਡਰੱਗਜ਼ ਨੂੰ ਖਤਮ ਕੀਤਾ ਜਾ ਚੁੱਕਾ ਹੈ। ਖਹਿਰਾ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ ਕਿ ਕੁਲਬੀਰ ਸਿੰਘ ਜ਼ੀਰਾ ਨੇ ਪੁਲਿਸ ਦੇ ਇੰਸਪੈਕਟਰ ਜਨਰਲ ਰੈਂਕ ਦੇ ਅਫ਼ਸਰ ਉਪਰ ਡਰੱਗ ਮਾਫ਼ੀਆ ਨਾਲ ਮਿਲੀਭੁਗਤ ਅਤੇ ਸਮੱਗਲਰਾਂ ਕੋਲੋਂ ਰਿਸ਼ਵਤ ਲੈਣ ਦੇ ਇਲਜ਼ਾਮ ਲਗਾਏ ਹਨ। ਕਾਂਗਰਸੀ ਵਿਧਾਇਕ ਨੇ ਸਿੱਧੇ ਤੌਰ ’ਤੇ ਪੁਲਿਸ ਅਤੇ ਸਿਆਸੀ ਪ੍ਰਣਾਲੀ ਉਪਰ ਉਂਗਲ ਉਠਾਈ ਹੈ।

ਉਨ੍ਹਾਂ ਕਿਹਾ ਕਿ ਇਸ ਆਈ.ਜੀ ਨੂੰ ਚੁਣ ਕੇ ਕੈਪਟਨ ਅਮਰਿੰਦਰ ਸਿੰਘ ਵਲੋਂ ਫ਼ਿਰੋਜ਼ਪੁਰ ਪੁਲਿਸ ਰੇਂਜ ਦੀ ਕਮਾਨ ਦਿਤੀ ਗਈ ਹੈ। ਖਹਿਰਾ ਨੇ ਕਿਹਾ ਕਿ ਇਹ ਖੁੱਲ੍ਹਾ ਭੇਤ ਹੈ ਕਿ ਡਰੱਗਜ਼ ਸੂਬੇ ਦੀ ਹਰ ਨੁੱਕਰ ਵਿਚ ਅਸਾਨੀ ਨਾਲ ਮਿਲਦੇ ਹਨ ਅਤੇ ਜ਼ੀਰਾ ਨੇ ਕੋਈ ਨਵੀਂ ਗੱਲ ਨਹੀਂ ਕੀਤੀ । ਉਨ੍ਹਾਂ ਕਿਹਾ ਕਿ ਨਾ ਸਿਰਫ਼ ਪੁਲਿਸ ਬਲਕਿ ਡਰੱਗ ਮਾਫ਼ੀਆ ਵੀ ਸਿਆਸੀ ਸਰਪ੍ਰਸਤੀ ਦਾ ਆਨੰਦ ਮਾਣ ਰਹੇ ਹਨ । ਉਨ੍ਹਾਂ ਕਿਹਾ ਕਿ ਪਹਿਲਾਂ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੀ ਸਰਪ੍ਰਸਤੀ ਹੇਠ ਕੰਮ ਕਰਨ ਵਾਲੀ ਡਰੱਗ ਮਾਫ਼ੀਆ-ਪੁਲਿਸ ਅਤੇ  ਸਿਆਸਤਦਾਨਾਂ ਦੀ ਗੰਢਤੁੱਪ ਹੁਣ ਕਾਂਗਰਸੀ ਰਾਜ ਵਿਚ ਵੀ ਵੱਧ ਫੁਲ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਸੰਗਰੂਰ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਇਲਜ਼ਾਮ ਲਾਏ ਸਨ ਕਿ ਚਿੱਟਾ ਗਲੀਆਂ ਵਿਚ ਵਿਕ ਰਿਹਾ ਹੈ ਅਤੇ ਡਰੱਗਜ਼ ਅਸਾਨੀ ਨਾਲ ਮਿਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੇ ਡਰੱਗਜ਼ ਦੇ ਮਾਮਲੇ ਨੂੰ ਜਨਤਾ ਵਿਚ ਲੈ ਕੇ ਜਾਣ ਵਾਲੇ ਧੀਮਾਨ ਨੂੰ ਝਾੜਿਆ ਸੀ । ਉਨ੍ਹਾਂ ਕਿਹਾ ਕਿ ਜ਼ੀਰਾ ਨੇ ਧੀਮਾਨ ਅਤੇ ਵਿਰੋਧੀ ਪਾਰਟੀਆਂ ਵਲੋਂ ਲਗਾਏ ਜਾਂਦੇ ਇਲਜ਼ਾਮਾਂ ਨੂੰ ਪੁਖ਼ਤਾ ਸਾਬਤ ਕੀਤਾ ਹੈ।