ਜ਼ੀਰਾ ਵਲੋਂ ਲਗਾਏ ਦੋਸ਼ਾਂ ਦੀ ਹਾਈਕੋਰਟ ਦੀ ਨਿਗਰਾਨੀ 'ਚ ਜਾਂਚ ਕਰਵਾਏ ਕੈਪਟਨ ਸਰਕਾਰ : ਹਰਪਾਲ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਦੇ ਜ਼ੀਰਾ ਵਿਧਾਨ ਸਭਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੁਆਰਾ ਆਪਣੀ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਨਸ਼ੇ ਦੇ ਸਰਗਨਾ ਨੂੰ ਪਨਾਹ...

Harpal Cheema

ਚੰਡੀਗੜ੍ਹ (ਸ.ਸ.ਸ) : ਕਾਂਗਰਸ ਦੇ ਜ਼ੀਰਾ ਵਿਧਾਨ ਸਭਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੁਆਰਾ ਆਪਣੀ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਨਸ਼ੇ ਦੇ ਸਰਗਨਾ ਨੂੰ ਪਨਾਹ ਦੇਣ ਅਤੇ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਦੇ ਵਪਾਰ ਕਰਾਉਣ ਦੇ ਇਲਜ਼ਾਮਾਂ 'ਤੇ ਆਮ ਆਦਮੀ ਪਾਰਟੀ ਨੇ ਕਰੜਾ ਨੋਟਿਸ ਲਿਆ ਹੈ। ਪਾਰਟੀ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਦੁਆਰਾ ਹੀ ਅਧਿਕਾਰੀਆਂ ਅਤੇ ਨੇਤਾਵਾਂ ਦੀ ਮਿਲੀਭੁਗਤ ਨਾਲ ਸੂਬੇ ਵਿਚ ਚੱਲ ਰਹੇ ਨਸ਼ੇ ਦੇ ਧੰਦੇ ਦੇ ਭੇਦ ਖੋਲੇ ਜਾਣ ਤੋਂ ਬਾਅਦ ਇਸ ਦੀ ਉੱਚ ਪੱਧਰੀ ਜਾਂਚ ਅਤਿ ਜ਼ਰੂਰੀ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਪ੍ਰੈੱਸ ਬਿਆਨ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜ਼ੀਰਾ ਨੇ ਆਮ ਆਦਮੀ ਪਾਰਟੀ ਦੁਆਰਾ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਅੱਗੇ ਤੋਰਦਿਆਂ ਆਪਣੇ ਇਲਜ਼ਾਮਾਂ ਰਾਹੀਂ ਇਸ ਗੱਲ ਨੂੰ ਪੁਖ਼ਤਾ ਕੀਤਾ ਹੈ ਕਿ ਸੂਬੇ ਵਿਚ ਨਸ਼ੇ ਦਾ ਧੰਦਾ ਪਿਛਲੀ ਅਕਾਲੀ ਸਰਕਾਰ ਵਾਂਗ ਹੀ ਬੇਖ਼ੌਫ ਚੱਲ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਲੰਬੇ ਸਮੇਂ ਤੋਂ ਨੇਤਾਵਾਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਹੇ ਨਸ਼ੇ ਦੇ ਧੰਦੇ ਖ਼ਿਲਾਫ਼ ਆਵਾਜ਼ ਉਠਾਉਂਦੀ ਆ ਰਹੀ ਹੈ।

ਚੀਮਾ ਨੇ ਕਿਹਾ ਕਿ ਇਹ ਅਤਿ ਸੰਵੇਦਨਸ਼ੀਲ ਮੁੱਦਾ ਹੈ ਪਰੰਤੂ ਨਾ ਤਾਂ ਸਰਕਾਰ ਨੇ ਅਤੇ ਨਾ ਹੀ ਡੀਜੀਪੀ ਮੁਹੰਮਦ ਮੁਸਤਫ਼ਾ ਦੀ ਅਗਵਾਈ ਵਾਲੀ ਨਸ਼ਿਆਂ ਸੰਬੰਧੀ ਬਣਾਈ ਗਈ ਸਪੈਸ਼ਲ ਜਾਂਚ ਟੀਮ ਨੇ ਇਸ ਸੰਬੰਧੀ ਕੋਈ ਬਿਆਨ ਦਿੱਤਾ ਹੈ। ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨਸ਼ਿਆਂ ਦਾ ਮਾਮਲੇ ਸੰਬੰਧੀ ਗੰਭੀਰ ਨਹੀਂ ਹੈ ਅਤੇ ਉਹ ਨਸ਼ੇ ਦੇ ਤਸਕਰਾਂ ਨਾਲ ਇੱਕ-ਮਿੱਕ ਹਨ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਜਿੰਨਾ ਨੇ ਕਿ ਚੋਣਾਂ ਤੋਂ ਪਹਿਲਾਂ ਹੱਥ ਵਿਚ ਸ੍ਰੀ ਗੁਟਕਾ ਸਾਹਿਬ ਫੜ ਕੇ ਪੰਜਾਬ ਵਿਚੋਂ ਨਸ਼ੇ ਦੇ ਖ਼ਾਤਮੇ ਦਾ ਪ੍ਰਣ ਲਿਆ ਸੀ ਇਸ ਮਾਮਲੇ ਸੰਬੰਧੀ ਸਥਿਤੀ ਸਪਸ਼ਟ ਕਰਨ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੁਰੰਤ ਇਸ ਮਾਮਲੇ ਵਿਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਨਿਗਰਾਨੀ ਅਧੀਨ ਕਮੇਟੀ ਬਣਾ ਕੇ ਖ਼ੁਦ ਰਿਪੋਰਟ ਲੈਣ ਅਤੇ ਨਸ਼ੇ ਦੇ ਮਾਮਲੇ ਵਿਚ ਸ਼ਾਮਲ ਅਧਿਕਾਰੀਆਂ, ਨੇਤਾਵਾਂ ਅਤੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਕਾਰਵਾਈ ਕਰਨ।