ਅਤਿਵਾਦੀ ਗਤੀਵਿਧੀਆਂ 'ਚ ਫੜੇ ਦਿਲਾਵਰ ਸਿੰਘ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਬੂਧਾਬੀ ਦੀ ਜੇਲ੍ਹ ਤੋਂ ਲਿਆਂਦਾ ਗਿਆ ਸੀ ਪੰਜਾਬ, ਪਿਛਲੇ 8 ਸਾਲਾਂ ਤੋਂ ਰਹਿ ਰਿਹਾ ਸੀ ਵਿਦੇਸ਼....

Dilawar Singh, arrested in terrorist activities

ਐਸ.ਏ.ਐਸ.ਨਗਰ : ਸੀਆਈਏ ਸਟਾਫ਼ ਵਲੋਂ 6 ਜਨਵਰੀ ਨੂੰ ਗ੍ਰਿਫ਼ਤਾਰ ਕੀਤੇ ਗਏ ਭੁਪਿੰਦਰ ਸਿੰਘ ਉਰਫ਼ ਦਿਲਾਵਰ ਸਿੰਘ ਨੂੰ ਅੱਜ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਉਸ ਨੂੰ 28 ਜਨਵਰੀ ਤਕ ਨਿਆਂਇਕ ਹਿਰਾਸਤ ਵਿਚ ਪਟਿਆਲਾ ਭੇਜ ਦਿਤਾ। ਮੁਲਜ਼ਮ ਦੀ ਵਕੀਲ ਬੀਬੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਭੁਪਿੰਦਰ ਸਿੰਘ 2010 ਤੋਂ ਆਬੂਧਾਬੀ ਵਿਚ ਰਹਿ ਰਿਹਾ ਸੀ।    ਮੋਹਾਲੀ ਪੁਲਿਸ ਨੇ ਉਸ ਖਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕਰਵਾਇਆ ਸੀ। ਜਿਸ ਦੇ ਆਧਾਰ ਉਤੇ ਆਬੂਧਾਬੀ ਸਰਕਾਰ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ।

ਉਹ ਪਿਛਲੇ 8 ਮਹੀਨਿਆਂ ਤੋਂ ਜੇਲ੍ਹ ਵਿਚ ਸੀ। ਵਕੀਲ ਨੇ ਦੱਸਿਆ ਕਿ ਜੇਲ੍ਹ ਵਿਚ ਉਸ ਦੇ ਦਾੜੀ ਕੇਸ ਕਤਲ ਕਰ ਦਿਤੇ ਗਏ ਤੇ ਉਸ ਨੂੰ ਕਰੰਟ ਵੀ ਲਾਇਆ ਗਿਆ। ਇਸੇ ਮਾਮਲੇ ਵਿਚ ਪਹਿਲਾਂ ਗ੍ਰਿਫ਼ਤਾਰ ਨੌਜਵਾਨਾਂ ਵਿਚ ਪ੍ਰਮਿੰਦਰ ਸਿੰਘ ਵਾਸੀ ਬਠਿੰਡਾ ਨੂੰ 30 ਮਈ, 2017 ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪ੍ਰਮਿੰਦਰ ਸਿੰਘ ਦਾ ਪਰਵਾਰ 1992 ਤੋਂ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋ ਰਿਹਾ ਹੈ। ਪ੍ਰਮਿੰਦਰ ਸਿੰਘ ਦੇ ਭਰਾ ਡਾ. ਮਨਮੋਹਨ ਸਿੰਘ ਨੂੰ ਪੁਲਿਸ ਨੇ 5 ਅਕਤੂਬਰ, 1992 ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਦਿਤਾ ਸੀ।

ਬੀਬੀ ਕੌਰ ਨੇ ਕਿਹਾ ਕਿ ਬਾਕੀ ਮੁਲਜ਼ਮਾਂ ਵਿਚ ਹਰਵਰਿੰਦਰ ਸਿੰਘ ਵਾਸੀ ਪ੍ਰਤਾਪ ਨਗਰ ਅੰਮ੍ਰਿਤਸਰ, ਅਮ੍ਰਿਤਪਾਲ ਕੌਰ ਵਾਸੀ ਅਕਾਲ ਨਗਰ ਸਲੇਮ ਟਾਬਰੀ ਲੁਧਿਆਣਾ, ਜਰਨੈਲ ਸਿੰਘ ਵਾਸੀ ਕਲਾਨੌਰ, ਮਨਦੀਪ ਸਿੰਘ ਸੰਨੀ, ਸਤਨਾਮ ਸਿੰਘ ਪਿੰਡ ਦੋਦਾ ਮੁਕਤਸਰ ਸਮੇਤ 12 ਨੌਜਵਾਨ ਸ਼ਾਮਲ ਹਨ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਬਦਲਾ ਲੈਣ ਦੀ ਯੋਜਨਾ ਬਣਾਈ ਸੀ ਅਤੇ ਇਸਦੇ ਨਾਲ ਹੀ ਅੰਮ੍ਰਿਤਸਰ ਦੇ ਇਕ ਸ਼ਿਵ ਸੈਨਾ ਆਗੂ ਨੂੰ ਮਾਰਨ ਦੀ ਸਾਜ਼ਸ਼ ਵੀ ਰਚੀ ਸੀ।

ਇਸ ਤੋਂ ਇਲਾਵਾ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਤੋਂ ਬਦਲਾ ਲੈਣ ਦੀ ਵੀ ਯੋਜਨਾ ਬਣਾਈ ਗਈ ਸੀ। ਪੁਲਿਸ ਵਲੋ ਬੱਬਰ ਖਾਲਸਾ ਨਾਲ ਸਬੰਧਾਂ ਦੇ ਨਾਂ ਉਤੇ ਇਕ ਬੀਬੀ ਸਮੇਤ 12 ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਜਾ ਚੁਕਾ ਹੈ। ਇਨ੍ਹਾਂ ਕੋਲੋਂ 32 ਬੋਰ ਦੇ ਦੋ ਪਸਤੌਲ ਅਤੇ ਕਾਰਤੂਸ ਵੀ ਬਰਾਮਦ ਕਰਨ ਦਾ ਪੁਲਿਸ ਨੇ ਦਾਅਵਾ ਕੀਤਾ ਸੀ।