ਸੂਬਾ ਪੱਧਰੀ ਰੁਜ਼ਗਾਰ ਮੇਲਿਆਂ ਦਾ ਚੌਥਾ ਪੜਾਅ 13 ਤੋਂ 22 ਫਰਵਰੀ ਤੱਕ ਹੋਵੇਗਾ : ਚੰਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ 13 ਤੋਂ 22 ਫਰਵਰੀ ਤੱਕ ਰੁਜ਼ਗਾਰ ਮੇਲਿਆਂ ਦਾ ਚੌਥਾ ਪੜਾਅ ਆਯੋਜਿਤ ਕੀਤਾ ਜਾਵੇਗਾ। ਇਹ ਜਾਣਕਾਰੀ ਰੁਜ਼ਗਾਰ ਉੱਤਪਤੀ...

Charanjit Chani

ਚੰਡੀਗੜ (ਸ.ਸ.ਸ) : ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ 13 ਤੋਂ 22 ਫਰਵਰੀ ਤੱਕ ਰੁਜ਼ਗਾਰ ਮੇਲਿਆਂ ਦਾ ਚੌਥਾ ਪੜਾਅ ਆਯੋਜਿਤ ਕੀਤਾ ਜਾਵੇਗਾ। ਇਹ ਜਾਣਕਾਰੀ ਰੁਜ਼ਗਾਰ ਉੱਤਪਤੀ ਤੇ ਤਕਨੀਕੀ ਸਿੱਖਿਆ ਮੰਤਰੀ, ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਸਮੂਹ ਜ਼ਿਲ਼ਿਆਂ ਦੇ ਵਧੀਕ ਡਿਪਟੀ ਕਮਿਸ਼ਨਰਾਂ ਨਾਲ ਰੁਜ਼ਗਾਰ ਮੇਲਿਆਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਰੱਖੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨਾਂ ਨਾਲ ਹੀ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 28 ਫਰਵਰੀ ਨੂੰ ਡੀ.ਏ.ਵੀ ਯੂਨੀਵਰਸਿਟੀ ਜਲੰਧਰ ਵਿਖੇ ਮੈਗਾ ਰੋਜ਼ਗਾਰ ਮੇਲੇ ਦੌਰਾਨ ਚੁਣੇ ਗਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ।

ਸ੍ਰੀ ਚੰਨੀ  ਨੇ ਕਿਹਾ ਕਿ ਇਸ ਪੜਾਅ ਦੌਰਾਨ ਰੁਜ਼ਗਾਰ ਮੇਲੇ ਸੂਬੇ ਭਰ ਵਿਚ 41 ਥਾਂਵਾਂ 'ਤੇ ਲਗਾਏ ਜਾਣਗੇ ਜਿਨਾਂ ਵਿੱਚ ਸਰਕਾਰੀ/ ਪ੍ਰਾਈਵੇਟ/ ਅਰਧ-ਸਰਕਾਰੀ ਖੇਤਰ ਵਿਚ ਤਕਰੀਬਨ 50,000 ਨੌਕਰੀਆਂ ਦੇ ਮੌਕੇ ਸੂਬੇ ਦੇ ਨੌਜਵਾਨਾਂ ਨੂੰ ਪ੍ਰਦਾਨ ਕੀਤੇ ਜਾਣਗੇ। ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰੇਕ ਘਰ ਨੂੰ ਨੌਕਰੀਆਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਸੂਬੇ ਦੇ ਹਰੇਕ ਨੌਜਵਾਨ ਨੂੰ ਆਤਮ-ਨਿਰਭਰ ਬਣਾਉਣ ਲਈ ਪੰਜਾਬ ਸਰਕਾਰ ਪੂਰੀ ਤਰਾਂ ਨਾਲ ਵਚਨਬੱਧ ਹੈ। ਉਨਾਂ ਅੱਗੇ ਕਿਹਾ ਕਿ ਇਸ ਨਾਲ ਨਾ ਸਿਰਫ਼ ਨੌਜਵਾਨਾਂ ਨੂੰ ਆਰਥਿਕ ਮਜ਼ਬੂਤੀ ਮਿਲੇਗੀ ਸਗੋਂ ਸੂਬੇ ਵਿੱਚੋਂ ਨਸ਼ਿਆਂ ਦਾ ਵੀ ਸਫਾਇਆ ਹੋਵੇਗਾ।

ਸ੍ਰੀ ਚੰਨੀ ਨੇ ਵਧੀਕ ਡਿਪਟੀ ਕਮਿਸ਼ਨਰਾਂ ਅਤੇ ਰੁਜ਼ਗਾਰ ਉੱਤਪਤੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਹਰੇਕ ਬੇਰੁਜ਼ਗਾਰ ਨੌਜਵਾਨਾਂ ਦੇ ਘਰਾਂ ਤੱਕ ਪਹੁੰਚ ਕਰਕੇ ਉਨਾਂ ਦੀ ਰੁਜ਼ਗਾਰ ਮੇਲਿਆਂ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ। ਉਨਾਂ ਹਰੇਕ ਨੌਜਵਾਨ ਨੂੰ ਉਸ ਦੀ ਯੋਗਤਾ ਅਨੁਸਾਰ ਨੌਕਰੀ ਦੇਣ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ। ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਕੋਸ਼ਿਸ਼ਾਂ ਕਾਗ਼ਜਾਂ ਤੱਕ ਹੀ ਸੀਮਿਤ ਨਹੀਂ ਰਹਿਣੀਆਂ ਚਾਹੀਦੀਆਂ ਸਗੋਂ ਇਨਾਂ ਦਾ ਪ੍ਰਭਾਵ ਅਸਲੀਅਤ ਵਿੱਚ ਦਿਖਣਾ ਚਾਹੀਦਾ ਹੈ। ਉਨਾਂ ਕਿਹਾ ਕਿ ਰੁਜ਼ਗਾਰਾ ਮੇਲਿਆਂ ਦੌਰਾਨ ਜ਼ਿਲਾ ਪ੍ਰਸ਼ਾਸਨ ਨੂੰ ਸਥਾਨਕ ਇੰਡਸਟਰੀ ਨਾਲ ਸਹਿਯੋਗ ਕਰਕੇ ਉਨਾਂ ਦੀ ਲੋੜ ਅਨੁਸਾਰ ਮੈਨਪਾਵਰ ਮੁਹੱਈਆ ਕਰਵਾਉਣੀ ਚਾਹੀਦੀ ਹੈ।

ਮੰਤਰੀ ਨੇ ਕਿਹਾ ਕਿ ਰੁਜ਼ਗਾਰ ਮੇਲਿਆਂ ਦੌਰਾਨ ਨੌਜਵਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਜ਼ਿਲਾ ਪ੍ਰਸ਼ਾਸਨ ਜਾਗਰੂਕਤਾ ਮੁਹਿੰਮ ਸ਼ੁਰੂ ਕਰੇ ਅਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਸੀਨੀਅਰ ਅਧਿਕਾਰੀਆਂ ਨੂੰ ਖੁੱਦ ਲੋਕਾਂ ਤੱਕ ਜਾ ਕੇ ਉਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨਾਂ ਅੱਗੇ ਕਿਹਾ ਕਿ ਗਰੀਬ ਲੋਕਾਂ ਨੂੰ ਵੱਖ ਵੱਖ ਸਕੀਮਾਂ ਦਾ ਲਾਭ ਦਿਵਾਉਣ ਲਈ ਜ਼ਿਲਾ ਅਧਿਕਾਰੀਆਂ ਨੂੰ ਉਨਾਂ ਦੀ ਮੱਦਦ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰ ਸਕਣ।

ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਡੀ ਕੇ ਤਿਵਾੜੀ ਪ੍ਰਮੁੱਖ ਸਕੱਤਰ ਰੁਜ਼ਗਾਰ ਉਤਪਤੀ, ਸ੍ਰੀ ਰਾਹੁਲ ਤਿਵਾੜੀ ਕਮਿਸ਼ਨਰ ਕਮ ਡਾਇਰੈਕਟਰ ਰੁਜ਼ਗਾਰ ਉਤਪਤੀ, ਰਾਜਦੀਪ ਕੌਰ ਵਧੀਕ ਡਾਇਰੈਕਟਰ ਰੁਜ਼ਗਾਰ ਉਤਪਤੀ ਅਤੇ ਰੁਜ਼ਗਾਰ ਉਤਪਤੀ ਵਿਭਾਗ ਦੇ ਵੱਖ ਵੱਖ ਜ਼ਿਲਿਆਂ ਦੇ ਵਧੀਕ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀ ਸ਼ਾਮਿਲ ਸਨ।