ਸਿਹਤ ਮੰਤਰੀ ਦਾ ਜੱਦੀ ਸ਼ਹਿਰ ਦੋਰਾਹਾ ਸਿਹਤ ਸਹੂਲਤਾਂ ਤੋਂ ਵਾਂਝਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਜੱਦੀ ਸ਼ਹਿਰ ਦੋਰਾਹਾ ਸਰਕਾਰੀ ਸਿਹਤ ਸਹੂਲਤਾਂ ਤੋਂ ਵਾਂਝਾ ਹੋਣ ਕਰ ਕੇ......

Health Minister's Hometown Doraha

ਦੋਰਾਹਾ : ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਜੱਦੀ ਸ਼ਹਿਰ ਦੋਰਾਹਾ ਸਰਕਾਰੀ ਸਿਹਤ ਸਹੂਲਤਾਂ ਤੋਂ ਵਾਂਝਾ ਹੋਣ ਕਰ ਕੇ ਆਮ ਅਤੇ ਗ਼ਰੀਬ ਲੋਕ ਮਹਿੰਗੇ ਹਾਈ ਫ਼ਾਈ, ਦਿਓ ਕੱਦ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਵਾਉਣ ਲਈ ਮਜਬੂਰ ਹਨ। ਸਰਕਾਰੀ ਸਿਹਤ ਸਹੂਲਤ ਨਾ ਮਿਲਣ ਕਾਰਨ ਲੋਕਾਂ 'ਚ ਕਾਫ਼ੀ ਨਿਰਾਸ਼ਤਾ ਹੈ। ਪਿਛਲੇ ਸਾਲਾਂ ਦੌਰਾਨ ਲੋਕਾਂ ਨੂੰ ਸਰਕਾਰੀ ਸਿਹਤ ਸੁਵਿਧਾਵਾਂ ਦੇਣ ਦਾ ਮੁੱਦਾ ਮੀਡੀਆ ਦੀਆਂ ਸੁਰਖੀਆਂ ਵਿਚ ਆਉਣ ਦੇ ਬਾਵਜੂਦ ਹੁਣ ਤਕ ਸ਼ਹਿਰ ਅਤੇ ਇਲਾਕੇ ਦੇ ਲੋਕ ਸਰਕਾਰੀ ਸਿਹਤ ਸਹੂਲਤਾਂ ਤੋਂ ਵਾਂਝੇ ਹਨ।

ਲੋਕ ਸ਼ਹਿਰ ਅੰਦਰ ਸਰਕਾਰੀ ਹਸਪਤਾਲ ਖੋਲ੍ਹਣ ਦੀ ਕਾਫ਼ੀ ਸਮੇਂ ਤੋਂ ਮੰਗ ਕਰ ਰਹੇ ਹਨ। ਦੋਰਾਹਾ ਅਮੋਨੀਆਂ ਗੈਸ ਹਾਦਸੇ ਦੌਰਾਨ ਕਈ ਲੋਕ ਜਾਨ ਤੋਂ ਹੱਥ ਧੋ ਬੈਠੇ ਤੇ ਸੈਂਕੜੇ ਲੋਕ ਬੇਹੋਸ਼ ਹੋਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਦੀ ਸਹੂਲਤ ਨਾ ਮਿਲਣ ਕਾਰਨ ਮਹਿੰਗੇ ਹਸਪਤਾਲਾਂ ਵਿਚ ਧੱਕੇ ਖਾਣ ਨੂੰ ਮਜਬੂਰ ਹੋਣਾ ਪਿਆ। ਉਸ ਸਮੇਂ ਹਲਕਾ ਵਿਧਾਇਕ ਚਰਨਜੀਤ ਸਿੰਘ ਅਟਵਾਲ ਨੇ ਸ਼ਹਿਰ ਨੂੰ ਵਾਸੀਆਂ ਨੂੰ ਵਧੀਆਂ ਸਹੂਲਤਾਂ ਵਾਲਾ ਸਰਕਾਰੀ ਹਸਪਤਾਲ ਦੇਣ ਦਾ ਵਾਅਦਾ ਕੀਤਾ ਸੀ ਜੋ ਅਜੇ ਤਕ ਊਠ ਦੇ ਬੁਲ ਵਾਂਗੂ ਲਮਕ ਰਿਹਾ ਹੈ।

 ਬੀਤੇ ਸਾਲ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਸਮਾਗਮ ਵਿਚ ਪੁੱਜੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਦੋਰਾਹਾ ਵਿਖੇ ਸਰਕਾਰੀ ਹਸਪਤਾਲ ਅਤੇ ਮੋਰਚਰੀ ਬਣਾਉਣ ਦਾ ਵਾਅਦਾ ਕੀਤਾ ਸੀ। ਇਸ ਵਾਅਦੇ ਨੂੰ ਬੂਰ ਪੈਂਦਾ ਨਹੀਂ ਜਾਪਦਾ ਕਿÀੁਂਕਿ ਹਸਪਤਾਲ ਲਈ ਲੋੜੀਂਦੀ ਜ਼ਮੀਨ ਜਾਂ ਕੋਈ ਪਲਾਨ ਸਾਹਮਣੇ ਨਹੀਂ ਆ ਰਿਹਾ। ਭਾਵੇਂ ਸਰਕਾਰ ਨੇ ਹਸਪਤਾਲ ਲਈ ਪਹਿਲੀ ਗ੍ਰਾਂਟ ਵੀ ਜਾਰੀ ਕਰ ਦਿਤੀ ਹੈ ਪਰ ਜ਼ਮੀਨੀ ਤੇ ਹਕੀਕੀ ਤੌਰ 'ਤੇ ਕੋਈ ਪ੍ਰਾਜੈਕਟ ਦਾ ਪਲਾਨ ਸਾਹਮਣੇ ਨਹੀਂ ਆਇਆ। ਕਈ ਸਾਲ ਪਹਿਲਾਂ ਨਵੀਂ ਅਨਾਜ ਮੰਡੀ 'ਚ ਸਰਕਾਰੀ ਡਿਸਪੈਂਸਰੀ,

ਸਿਆਸੀ ਅਸਰ ਰਸੂਖ ਵਾਲੇ ਲੋਕਾਂ ਵਲੋਂ ਖਾਲੀ ਕਰਵਾ ਲਏ ਜਾਣ ਕਰਕੇ ਲੋਕ ਇਲਾਜ ਕਰਵਾਉਣ ਲਈ ਸਬ ਸੈਂਟਰ ਦੋਰਾਹਾ ਪਿੰਡ ਵਿਚ ਜਾਂਦੇ ਹਨ। ਇਥੇ ਅਕਸਰ ਡਾਕਟਰਾਂ ਦੀ ਕਮੀ ਰਹਿੰਦੀ ਹੈ ਤੇ ਸਬ ਸੈਂਟਰ ਹੋਣ ਕਰ ਕੇ ਆਧੁਨਿਕ ਤੇ ਵਧੀਆ ਸਹੂਲਤਾਂ ਦੀ ਵੀ ਘਾਟ ਹੈ। ਸਬ ਸੈਂਟਰ ਸ਼ਹਿਰ ਤੋਂ ਬਾਹਰ ਹੋਣ ਕਰ ਕੇ ਨਾਮਾਤਰ ਮਰੀਜ਼ ਹੀ ਇਥੇ ਜਾਂਦੇ ਹਨ। ਨੈਸ਼ਨਲ ਹਾਈਵੇ 'ਤੇ ਸੜਕ ਹਾਦਸਿਆਂ ਦੌਰਾਨ ਜ਼ਖ਼ਮੀ ਲੋਕ ਅਤੇ ਪੋਸਟਮਾਰਟਮ ਕੇਸ ਲੁਧਿਆਣੇ ਜਾਂ ਖੰਨੇ ਦੇ ਸਰਕਾਰੀ ਹਸਪਤਾਲਾਂ ਵਿਚ ਲਿਜਾਣੇ ਪੈਂਦੇ ਹਨ।

ਹਸਪਤਾਲ ਦੀ ਸਮੱਸਿਆ ਬਾਰੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਨਿਜੀ ਫ਼ੋਨ ਉਪਰ ਉਨ੍ਹਾਂ ਦੇ ਪੀਏ ਰਣਜੀਤ ਸਿੰਘ ਨੇ ਕਿਹਾ ਕਿ ਵਿਧਾਇਕ ਬਾਹਰ ਗਏ ਹੋਏ ਹਨ। ਵਿਧਾਇਕ ਨੇ ਪਿਛਲੀ ਵਾਰ ਕਿਹਾ ਸੀ ਕਿ ਕਾਂਗਰਸ ਸਰਕਾਰ ਸੂਬੇ ਦੇ ਲੋਕਾਂ ਨੂੰ ਸਸਤੀਆਂ ਅਤੇ ਵਧੀਆਂ ਸਿਹਤ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਦੋਰਾਹਾ ਜੱਦੀ ਸ਼ਹਿਰ ਹੈ, ਉਹ ਕੁਝ ਨਾ ਕੁਝ ਜ਼ਰੂਰ ਕਰਨਗੇ।

ਸ਼ਹਿਰ ਅੰਦਰ ਸਰਕਾਰੀ ਹਸਪਤਾਲ ਬਣਨ ਸਬੰਧੀ ਨਗਰ ਕੌਂਸਲ ਪ੍ਰਧਾਨ ਬੰਤ ਸਿੰਘ ਦੋਬੁਰਜੀ ਨੇ ਕਿਹਾ ਕਿ ਫ਼ਰਵਰੀ ਦੇ ਅਖੀਰ 'ਚ ਹਸਪਤਾਲ ਦਾ ਨੀਂਹ ਪੱਥਰ ਰੱਖ ਦਿਤਾ ਜਾਵੇਗਾ। ਹਸਪਤਾਲ ਬਣਨ ਦੀ ਦੇਰੀ ਬਾਰੇ ਉਨ੍ਹਾਂ ਕਿਹਾ ਕਿ ਪਹਿਲਾਂ ਹਸਪਤਾਲ 25 ਬਿਸਤਰਿਆਂ ਦਾ ਮਨਜ਼ੂਰ ਹੋਇਆ ਸੀ ਜੋ ਹੁਣ ਵਧਾ ਕੇ 50 ਬਿਸਤਰਿਆਂ ਦਾ ਕਰਵਾ ਲਿਆ ਗਿਆ ਹੈ। ਸਰਕਾਰ ਨੇ ਇਸ ਦੀ ਉਸਾਰੀ ਲਈ ਕਰੀਬ 20 ਕਰੋੜ ਰੁਪਿਆ ਵੀ ਰਾਖਵਾਂ ਰਖਿਆ ਹੈ।

 ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਵਲੋਂ ਹਸਪਤਾਲ ਬਣਾਉਣ ਬਾਰੇ ਦਿਤੇ ਬਿਆਨ ਬਾਰੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੰਤਾ ਸਿੰਘ ਉਮੈਦਪੁਰੀ ਨੇ ਕਿਹਾ ਕਿ ਸਰਕਾਰੀ ਹਸਪਤਾਲ ਬਣਾਉਣ ਲਈ ਖੁੱਲ੍ਹੀ ਜਗ੍ਹਾ ਨਾ ਮਿਲਣ ਕਰ ਕੇ ਆਧੁਨਿਕ ਸਹੂਲਤਾਂ ਵਾਲਾ ਸਰਕਾਰੀ ਹਸਪਤਾਲ ਸ਼ਹਿਰ ਵਾਸੀਆਂ ਦੇ ਸਪੁਰਦ ਨਹੀਂ ਕੀਤਾ ਜਾ ਸਕਿਆ।