ਕੈਪਟਨ ਦੇ ਰਾਜ ’ਚ ਦਲਿਤਾਂ ਨੂੰ ਸਾਜ਼ਸ਼ ਤਹਿਤ ਨਿਸ਼ਾਨਾ ਬਣਾਇਆ ਜਾ ਰਿਹੈ : ਕੈਂਥ
ਅਨੁਸੂਚਿਤ ਜਾਤੀਆਂ ਨਾਲ ਹੋ ਰਹੇ ਅਨਿਆਂ, ਅਤਿਆਚਾਰ, ਧੱਕੇਸ਼ਾਹੀ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਤੋਂ ਜਾਣੂ ਕਰਵਾਉਣ ਲਈ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ.........
ਚੰਡੀਗੜ੍ਹ : ਅਨੁਸੂਚਿਤ ਜਾਤੀਆਂ ਨਾਲ ਹੋ ਰਹੇ ਅਨਿਆਂ, ਅਤਿਆਚਾਰ, ਧੱਕੇਸ਼ਾਹੀ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਤੋਂ ਜਾਣੂ ਕਰਵਾਉਣ ਲਈ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਵਲੋਂ ਅੱਜ ਸਿਵਲ ਸਕੱਤਰੇਤ ਪੰਜਾਬ ਵਿਚ ਕਾਂਗਰਸ ਸਰਕਾਰ ਵਿਰੁਧ ਪੈਂਫਲਟ ਵੰਡੇ ਗਏ। ਇਸ ਮੌਕੇ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਪੈਂਫਲਟ ਵੰਡਣ ਦੀ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਅਨੁਸੂਚਿਤ ਜਾਤੀਆਂ ਨਾਲ ਹੋ ਰਹੇ ਵਿਤਕਰੇ ਬਾਰੇ ਝੰਡਾ ਬੁਲੰਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਾ ਪੀੜਤ ਦਲਿਤ ਪਰਵਾਰਾਂ ਨੂੰ ਅਣਗੌਲਿਆਂ ਕਰਨ ਦਾ ਚਿਹਰਾ ਨੰਗਾ ਹੋ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਿੰਡਾਂ ਅਤਾਲਾਂ ਅਤੇ ਸ਼ੇਰਗੜ੍ਹ ਦੇ ਪੀੜਤ ਪਰਵਾਰਾਂ ਉਤੇ ਸੰਗੀਨ ਧਾਰਵਾਂ ਤਹਿਤ 307 ਅਤੇ 326ਦਾ ਝੂਠਾ ਕੇਸ ਦਰਜ ਹੋਣ ਕਾਰਨ ਡਰ ਅਤੇ ਸਹਿਮ ਕਰ ਕੇ ਇਹ ਸ਼ਰਨਾਰਥੀ ਬਣਕੇ ਪਿਛਲੇ 21 ਦਸੰਬਰ ਤੋਂ ਲਗਾਤਾਰ ਸੈਕਟਰ-25 ਦੀ ਰੈਲੀ ਗਰਾਊਂਡ ਵਿਖੇ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਉਤੇ ਬੈਠੇ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ-ਭਾਜਪਾ ਗਠਜੋੜ ਦੇ ਵਿਧਾਇਕ ਤੇ ਲੀਡਰ ਮੌਕਾਪ੍ਰਸਤੀ ਦੀ ਸਿਆਸਤ ਕਰ ਕੇ ਅਨੁਸੂਚਿਤ ਜਾਤੀਆਂ ਨਾਲ ਧੋਖਾ ਕਰ ਰਹੇ ਹਨ। ਜੋ ਕਿ ਕਿਸੇ ਵੀ ਮਾਮਲੇ ਉਪਰ ਅਪਣੀ ਪਾਰਟੀ ਲੀਡਰਸ਼ਿਪ ਦੇ ਅੱਗੇ ਅਨੁਸੂਚਿਤ ਜਾਤਾਂ ਦੀ ਕਿਸੇ ਵੀ ਮੰਗ ਨੂੰ
ਲੈ ਕੇ ਜ਼ੁਬਾਨ ਤਕ ਨਹੀਂ ਖੋਲਦੇ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਕੈਪਟਨ ਸਰਕਾਰ ਵਿਚ ਅਨੁਸੂਚਿਤ ਜਾਤੀਆਂ ਦੇ ਪਰਵਾਰਾਂ ਨੂੰ ਪੰਜਾਬ ਦੇ ਪਿੰਡਾਂ ਵਿਚ ਇਕ ਸ਼ਾਜ਼ਸ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਪੀੜਤ ਪਰਵਾਰਾਂ ਨੂੰ ਉਜੜ ਕੇ, ਸ਼ਰਨਾਰਥੀਆਂ ਦਾ ਜੀਵਨ ਬਤੀਤ ਕਰਨਾ ਪੈ ਰਿਹਾ ਹੈ। ਪਰਮਜੀਤ ਕੈਂਥ ਨੇ ਕਿਹਾ ਕਿ ਕੈਪਟਨ ਸਰਕਾਰ ਵਿਚ ਜਗੀਰਦਾਰੀ, ਸਰਮਾਏਦਾਰੀ, ਬੁਰਸ਼ਾਗਰਦੀ ਅਤੇ ਭਿ੍ਰਸ਼ਟਾਚਾਰ ਦਾ ਬੋਲ-ਬਾਲਾ ਹੋਣ ਕਾਰਨ ਅਨੁਸੂਚਿਤ ਜਾਤੀ ਤੇ ਗ਼ਰੀਬ ਵਰਗ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।