ਜਾਖੜ ਨੂੰ ਮਿਲਣ ਦੀ ਬਜਾਏ ਡੀਜੀਪੀ ਕੋਲ ਪੁੱਜੇ ਵਿਧਾਇਕ ਜ਼ੀਰਾ, 3 ਅਥਾਰਟੀਆਂ ਨੂੰ ਫ਼ੌਰੀ ਜਾਂਚ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਨਸ਼ਿਆਂ ਦੇ ਮੁੱਦੇ ਉਤੇ ਅਪਣੀ ਹੀ ਪਾਰਟੀ ਦੀ ਸਰਕਾਰ ਉਤੇ ਉਂਗਲ ਚੁੱਕੀ ਗਈ........

Kulbir Singh Zira

ਚੰਡੀਗੜ੍ਹ  (ਨੀਲ ਭਲਿੰਦਰ ਸਿੰਘ): ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਨਸ਼ਿਆਂ ਦੇ ਮੁੱਦੇ ਉਤੇ ਅਪਣੀ ਹੀ ਪਾਰਟੀ ਦੀ ਸਰਕਾਰ ਉਤੇ ਉਂਗਲ ਚੁੱਕੀ ਗਈ ਹੋਣ ਦਾ ਮਾਮਲਾ ਪਾਰਟੀ ਪ੍ਰਧਾਨ ਦੇ ਨੋਟਿਸ ਦੇ ਬਾਵਜੂਦ ਵੀ ਸੁਲਝਣ ਦੀ ਬਜਾਏ ਹੋਰ ਉਲਝਦਾ ਜਾ ਰਿਹਾ ਹੈ। ਪਾਰਟੀ ਪ੍ਰਧਾਨ ਵਲੋਂ ਤਿੰਨ ਦਿਨਾਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੋਣ ਦੇ ਬਾਵਜੂਦ ਵਿਧਾਇਕ ਜ਼ੀਰਾ ਪਾਰਟੀ ਕੋਲ ਪੇਸ਼ ਹੋਣ ਦੀ ਬਜਾਏ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਕੋਲ ਪੁਲਿਸ ਵਿਭਾਗ ਦੇ ਸੀਨੀਅਰ ਅਫ਼ਸਰਾਂ ਵਿਰੁਧ ਹੀ ਸ਼ਿਕਾਇਤ ਲੈ ਕੇ ਪਹੁੰਚ ਗਏ।

ਡੀਜੀਪੀ ਅਰੋੜਾ ਨੇ ਇਸ ਪੱਤਰਕਾਰ ਕੋਲ ਫ਼ੋਨ ਉਤੇ ਵਿਧਾਇਕ ਦੀਆਂ ਵੱਖ-ਵੱਖ ਸ਼ਿਕਾਇਤਾਂ ਆਈਆਂ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਸਿਆ ਕਿ ਵਪਾਰਕ ਮੁੱਦੇ ਉਤੇ ਆਈ ਸ਼ਿਕਾਇਤ ਵਿਜੀਲੈਂਸ ਬਿਊਰੋ, ਸ਼ਰਾਬ ਮਾਫ਼ੀਆ ਬਾਰੇ ਆਈ ਸ਼ਿਕਾਇਤ ਨਸ਼ਿਆਂ ਬਾਰੇ ਐਸ.ਟੀ.ਐਫ਼. (ਸਪੈਸ਼ਲ ਟਾਸਕ ਫੋਰਸ) ਅਤੇ ਵਿਅਕਤੀਆਂ ਦੀ ਗੁਮਸ਼ੁਦਗੀ ਬਾਰੇ ਸ਼ਿਕਾਇਤਾਂ ਨੂੰ ਡੀ.ਜੀ. ਲਾਅ ਐਂਡ ਆਰਡਰ ਨੂੰ ਫੌਰੀ ਜਾਂਚ ਲਈ ਭੇਜ ਦਿਤਾ ਗਿਆ ਹੈ। ਉਧਰ ਦੂਜੇ ਪਾਸੇ ਸੋਮਵਾਰ ਦੇਰ ਸ਼ਾਮ ਡੀ.ਜੀ.ਪੀ. ਦਫ਼ਤਰ ਵਿਚੋਂ ਬਾਹਰ ਆਉਂਦਿਆਂ ਹੀ ਵਿਧਾਇਕ ਜ਼ੀਰਾ ਨੇ ਵੀ ਅਪਣੀ ਸਫ਼ਾਈ ਦਿਤੀ ਹੈ।

ਉਨ੍ਹਾਂ ਕਿਹਾ ਹੈ ਕਿ ਨਸ਼ਿਆਂ ਬਾਰੇ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਵਲ ਉਂਗਲ ਨਹੀਂ ਚੁੱਕੀ, ਸਗੋਂ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿਰਫ਼ ਸਹੁੰ ਚੁੱਕ ਸਮਾਗਮ ਵਿਚ ਨਸ਼ਿਆਂ ਨੂੰ ਹੱਲਾਸ਼ੇਰੀ ਦੇਣ ਵਾਲੇ ਅਫ਼ਸਰ (ਫ਼ਿਰੋਜ਼ਪੁਰ ਰੇਂਜ ਦੇ ਆਈ.ਜੀ. ਐਮ.ਐਸ. ਛੀਨਾ) ਨੂੰ ਸ਼ਾਮਲ ਕਰਨ ਉਤੇ ਸਵਾਲ ਚੁੱਕੇ ਸਨ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਹੱਲਾਸ਼ੇਰੀ ਦੇਣ ਵਾਲਾ ਆਈ.ਜੀ. ਛੀਨਾ ਸਟੇਜ ਉਤੇ ਸਰਪੰਚਾਂ ਨੂੰ ਨਸ਼ਿਆਂ ਵਿਰੁਧ ਲਾਮਬੰਦੀ ਦੀ ਸਲਾਹ ਦੇ ਰਿਹਾ ਸੀ ਜਿਸ ਨੂੰ ਸੁਣ ਕੇ ਉਨ੍ਹਾਂ ਨੂੰ ਗੁੱਸਾ ਆ ਗਿਆ।

ਜ਼ੀਰਾ ਨੇ ਪੁਲਿਸ ਮੁਖੀ ਵਲੋਂ ਜਾਂਚ ਵਿਜੀਲੈਂਸ ਹਵਾਲੇ ਕੀਤੀ ਗਈ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਗਿਆ ਕਿ ਉਹ ਜਲਦ ਹੀ ਸਬੂਤਾਂ ਸਣੇ ਅਪਣਾ ਜਵਾਬ ਤਿਆਰ ਕਰ ਕੇ ਪਾਰਟੀ ਪ੍ਰਧਾਨ ਨੂੰ ਮਿਲਣਗੇ ਅਤੇ ਇਸ ਮੁੱਦੇ ਉਤੇ ਜਾਖੜ ਸਣੇ ਉਹ ਮੁੱਖ ਮੰਤਰੀ ਨੂੰ ਵੀ ਅਪਣੇ ਦਾਅਵਿਆਂ ਬਾਰੇ ਯਕੀਨ ਦਿਵਾਉਣ ਪ੍ਰਤੀ ਆਸਵੰਦ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਵਿਜੀਲੈਂਸ ਦੀ ਜਾਂਚ ਮਗਰੋਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿ ਕਿਸ ਤਰਾਂ ਉਕਤ ਪੁਲਿਸ ਅਫ਼ਸਰ ਤਸਕਰਾਂ ਦੀ ਮਦਦ ਕਰਦਾ ਆ ਰਿਹਾ ਹੈ। 

ਇਸ ਮੌਕੇ ਉਨ੍ਹਾਂ ਦੋ ਪੀੜਤ ਵਿਅਕਤੀ ਵੀ ਪਹਿਲਾਂ ਪੁਲਿਸ ਮੁਖੀ ਅਤੇ ਫਿਰ ਮੀਡੀਆ ਦੇ ਸਾਹਮਣੇ ਪੇਸ਼ ਕੀਤੇ ਜਿਨ੍ਹਾਂ ਵਲੋਂ ਸ਼ਰਾਬ ਠੇਕੇਦਾਰਾਂ ਅਤੇ ਪੁਲਿਸ ਅਫ਼ਸਰਾਂ ਵਲੋਂ ਕਥਿਤ ਤੌਰ ਉਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਚੁੱਕੇ ਹੋਏ ਹੋਣ ਦੇ ਗੰਭੀਰ ਇਲਜ਼ਾਮ ਲਾਏ। ਉਧਰ ਦੂਜੇ ਪਾਸੇ ਨਸ਼ਿਆਂ ਦੇ ਮਾਮਲੇ ਵਿਚ ਅਪਣੀ ਹੀ ਸਰਕਾਰ ਉਤੇ ਸਵਾਲ ਚੁੱਕਣ ਵਾਲੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਇਸ ਮਾਮਲੇ ਵਿਚ ਆਪ ਹੀ ਘਿਰਦੇ ਨਜ਼ਰ ਆ ਰਹੇ ਹਨ। ਫ਼ਿਰੋਜ਼ਪੁਰ ਦੇ ਸ਼ਰਾਬ ਠੇਕੇਦਾਰ ਫਰਮਾਨ ਸਿੰਘ ਨੇ ਜ਼ੀਰਾ ਉਤੇ 50 ਲੱਖ ਰੁਪਏ ਮੰਗਣ ਦੇ ਦੋਸ਼ ਲਾਏ ਹਨ।

ਉਨ੍ਹਾਂ ਦੋਸ਼ ਲਾਇਆ ਕਿ ਉਹ ਪਹਿਲਾਂ ਵੀ 15 ਲੱਖ ਦੇ ਚੁੱਕੇ ਹਨ ਪਰ ਵਿਧਾਇਕ 50 ਲੱਖ ਹੋਰ ਦੇਣ ਦੀ ਮੰਗ ਕਰ ਰਹੇ ਸਨ ਜਿਸ ਕਾਰਨ ਸਹੁੰ ਚੁੱਕ ਸਮਾਗਮ ਵਿਚ ਉਨ੍ਹਾਂ ਉਤੇ ਝੂਠੇ ਦੋਸ਼ ਲਾਏ ਗਏ। ਉਨ੍ਹਾਂ ਦਾਅਵਾ ਕੀਤਾ ਕਿ ਵਿਧਾਇਕ ਦੇ ਸਾਥੀ ਹੀ ਨਸ਼ਾ ਵਿਕਵਾ ਰਹੇ ਹਨ। ਉਨ੍ਹਾਂ ਨੂੰ ਕਈ ਵਾਰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਤਕ ਕੀਤੀ ਗਈ।

ਸਿੱਧੂ ਦਾਗੀਆਂ ਨੂੰ ਨਾ ਬਖਸ਼ਣ ਅਤੇ ਅਪਣੇ ਵਿਧਾਇਕ ਦਾ ਮਸਲਾ ਅੰਦਰ ਬਹਿ ਨਬੇੜਨ ਦਾ ਭਰੋਸਾ 

ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨਸ਼ਿਆਂ ਦੇ ਮੁੱਦੇ ਉਤੇ ਕਿਸੇ ਵੀ ਦਾਗੀ ਨੂੰ ਨਾ ਬਖਸ਼ਣ ਲਈ ਵਚਨਬੱਧ ਹੈ। ਨਾਲ ਹੀ ਸਿੱਧੂ ਨੇ ਕਿਹਾ ਕਿ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਪਾਰਟੀ ਦਾ ਵਫ਼ਾਦਾਰ ਸਿਪਾਹੀ ਹੈ ਅਤੇ ਪਾਰਟੀ ਨੂੰ ਉਸ ਉਤੇ ਮਾਣ ਹੈ। ਉਸ ਨੂੰ ਪਾਰਟੀ ਪ੍ਰਧਾਨ ਵਲੋਂ ਅਪਣੀ ਗੱਲ ਰੱਖਣ ਦਾ ਪੂਰਾ ਮੌਕਾ ਦਿਤਾ ਗਿਆ ਹੈ। ਉਸ ਦੀ ਗੱਲ ਸੁਣ ਕੇ ਕਾਰਵਾਈ ਵੀ ਜ਼ਰੂਰ ਹੋਵੇਗੀ ਅਤੇ ਅਪਣੇ ਵਿਧਾਇਕ ਦੇ ਪੱਧਰ ਉਤੇ ਕੋਈ ਖਾਮੀ ਪਾਏ ਜਾਣ ਦੀ ਸੂਰਤ ਵਿਚ ਮਾਮਲਾ ਅੰਦਰ ਬਹਿ ਕੇ ਨਿਬੇੜਿਆ ਜਾਵੇਗਾ।

ਕੈਪਟਨ ਵਲੋਂ 60 ਫ਼ੀ ਸਦੀ ਨਸ਼ੇ ਖਤਮ. 40 ਫ਼ੀ ਸਦੀ ਕਾਲੀਆਂ ਭੇਡਾਂ ਕਾਰਨ ਵਿਕ ਰਹੇ ਨਸ਼ੇ- ਜ਼ੀਰਾ 

ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਨਰਮ ਰੁਖ਼ ਅਪਣਾਉਂਦਿਆਂ ਕਿਹਾ ਕਿ ਕੈਪਟਨ ਵਲੋਂ ਨਸ਼ੇ ਖਤਮ ਕਰਨ ਦੀ ਚੁੱਕੀ ਸਹੁੰ ਸਦਕਾ ਪੰਜਾਬ ਵਿਚੋਂ ਨਸ਼ਿਆਂ ਦਾ ਲੱਕ ਟੁੱਟ ਚੁੱਕਾ ਹੈ ਅਤੇ 60 ਫ਼ੀ ਸਦੀ ਨਸ਼ੇ ਖਤਮ ਹੋ ਚੁੱਕੇ ਹਨ, ਜਦਕਿ ਬਾਕੀ 40 ਫ਼ੀ ਸਦੀ ਆਈ.ਜੀ. ਛੀਨਾ ਜਿਹੀਆਂ ਕਾਲੀਆਂ ਭੇਡਾਂ ਕਾਰਨ ਵਿਕ ਰਹੇ ਹਨ। ਉਨ੍ਹਾਂ ਇਸ ਦੇ ਪੁਖਤਾ ਸਬੂਤ ਹੋਣ ਦੀ ਗੱਲ ਕਹੀ ਹੈ, ਜੋ ਉਹ ਪਾਰਟੀ ਪ੍ਰਧਾਨ ਨੂੰ ਅਪਣੇ ਜਵਾਬ ਵਿਚ ਦਸਣਗੇ।