ਬਠਿੰਡਾ 'ਚ ਬਹੁਕੋਣਾ ਮੁਕਾਬਲਾ ਹੋਣ ਦੀ ਸੰਭਾਵਨਾ
ਆਗਾਮੀ ਲੋਕ ਸਭਾ ਚੋਣਾਂ ਵਿਚ ਸੂਬੇ ਦੀ 'ਹੌਟ ਸੀਟ' ਬਠਿੰਡਾ ਤੋਂ ਬਹੁਕੋਣੇ ਮੁਕਾਬਲੇ ਹੋਣ ਦੀ ਸੰਭਾਵਨਾ ਹੈ.......
ਬਠਿੰਡਾ : ਆਗਾਮੀ ਲੋਕ ਸਭਾ ਚੋਣਾਂ ਵਿਚ ਸੂਬੇ ਦੀ 'ਹੌਟ ਸੀਟ' ਬਠਿੰਡਾ ਤੋਂ ਬਹੁਕੋਣੇ ਮੁਕਾਬਲੇ ਹੋਣ ਦੀ ਸੰਭਾਵਨਾ ਹੈ। ਅਕਾਲੀ ਦਲ ਵਲੋਂ ਬਿਨਾਂ ਐਲਾਨੇ ਹਰਸਿਮਰਤ ਕੌਰ ਬਾਦਲ ਮੁੜ ਮੈਦਾਨ ਵਿਚ ਨਿੱਤਰ ਆਏ ਹਨ ਜਦਕਿ ਕਾਂਗਰਸ ਵਲੋਂ ਮੁੜ ਮਨਪ੍ਰੀਤ ਸਿੰਘ ਬਾਦਲ ਦੇ ਮੋਢਿਆਂ ਉਤੇ ਭਾਰ ਪਾਏ ਜਾਣ ਦੀ ਚਰਚਾ ਹੈ। ਦੂਜੇ ਪਾਸੇ ਬਾਗੀ ਧਿਰਾਂ ਵਲੋਂ ਵਿਧਾਨ ਸਭਾ ਵਿਚ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖ਼ਹਿਰਾ ਨੇ ਵੀ ਬੀਤੇ ਕੱਲ੍ਹ ਇਸ ਹਲਕੇ ਤੋਂ ਉਮੀਦਵਾਰ ਬਣਨ ਦਾ ਸਪੱਸ਼ਟ ਇਸ਼ਾਰਾ ਕਰ ਦਿਤਾ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਲੋਂ ਵੀ ਇਸ ਹਲਕੇ ਤੋਂ ਮਜ਼ਬੂਤ ਉਮੀਦਵਾਰ ਮੈਦਾਨ ਵਿਚ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਮਾਲਵਾ ਪੱਟੀ ਵਿਚ ਸਿਆਸੀ ਹਵਾਵਾਂ ਉਤੇ ਨਜ਼ਰ ਰੱਖਣ ਵਾਲੇ ਮਾਹਰਾਂ ਮੁਤਾਬਕ ਇਸ ਹਲਕੇ ਤੋਂ ਜਿੰਨੇ ਜ਼ਿਆਦਾ ਉਮੀਦਵਾਰ ਮੈਦਾਨ ਵਿਚ ਨਿਤਰਨਗੇ, ਉਸ ਦਾ ਸਿਆਸੀ ਲਾਹਾ ਬਾਦਲਾਂ ਨੂੰ ਮਿਲਣ ਦੀ ਸੰਭਾਵਨਾ ਹੈ। ਗੌਰਤਲਬ ਹੈ ਕਿ ਬਰਗਾੜੀ ਮੋਰਚੇ ਦੇ ਆਗੂਆਂ ਅਤੇ ਖਹਿਰਾ ਧੜੇ ਦੀ ਆਪਸੀ ਇਕ ਸਿਆਸੀ ਪਹੁੰਚ ਹੈ, ਜੇਕਰ ਸੁਖਪਾਲ ਸਿੰਘ ਖ਼ਹਿਰਾ ਮੈਦਾਨ ਵਿਚ ਨਿਤਰਦੇ ਹਨ ਤਾਂ ਪੰਥਕ ਵੋਟ ਇਸ ਆਗੂ ਦੇ ਖਾਤੇ ਵਿਚ ਭੁਗਤ ਸਕਦੇ ਹਨ।
ਇਸ ਤੋਂ ਇਲਾਵਾ 'ਆਪ' ਦਾ ਵੀ ਇਸ ਹਲਕੇ ਵਿਚ ਕਾਫ਼ੀ ਮਜ਼ਬੂਤ ਵੋਟ ਬੈਂਕ ਹੈ, ਜਿਹੜਾ ਕਮਜ਼ੋਰ ਉਮੀਦਵਾਰ ਮੈਦਾਨ ਵਿਚ ਆਉਣ ਉਤੇ ਇਧਰ-ਉਧਰ ਹੋ ਸਕਦਾ ਹੈ, ਜਿਸ ਦੇ ਚਲਦੇ ਮੁੱਖ ਨਿਤਾਰਾ ਕਾਂਗਰਸ ਅਤੇ ਅਕਾਲੀ ਦਲ ਦੇ ਅਪਣੇ ਵੋਟ ਬੈਂਕ ਵਲੋਂ ਕੀਤੀ ਜਾਣ ਦੀ ਸੰਭਾਵਨਾ ਬਣ ਜਾਵੇਗੀ। ਅਕਾਲੀ ਦਲ ਦੇ ਵੱਡੇ ਸੂਤਰਾਂ ਮੁਤਾਬਕ ਬੇਸ਼ੱਕ ਬੀਬੀ ਬਾਦਲ ਦੇ ਫ਼ਿਰੋਜ਼ਪੁਰ ਹਲਕੇ ਤੋਂ ਵੀ ਚੋਣ ਲੜਨ ਦੀਆਂ ਚਰਚਾਵਾਂ ਚਲ ਰਹੀਆਂ ਹਨ ਪਰ ਅਜਿਹਾ ਹੋਣਾ ਸੰਭਵ ਨਹੀਂ ਕਿਉਂਕਿ ਬਠਿੰਡਾ ਸੀਟ ਛੱਡਣ ਦੇ ਨਾਲ ਅਕਾਲੀ ਦਲ ਨੂੰ ਸੂਬੇ ਦੀਆਂ ਬਾਕੀ ਦੀਆਂ 12 ਸੀਟਾਂ ਉਤੇ ਵੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ।
ਦਸਣਾ ਬਣਦਾ ਹੈ ਕਿ ਹਰਸਿਮਰਤ ਕੌਰ ਬਾਦਲ ਲਗਾਤਾਰ ਦੋ ਵਾਰ ਇਸ ਹਲਕੇ ਤੋਂ ਜਿੱਤ ਚੁੱਕੇ ਹਨ। ਹਾਲਾਂਕਿ ਪਿਛਲੀ ਵਾਰ ਉਨ੍ਹਾਂ ਦੀ ਜਿੱਤ ਸਿਰਫ਼ 18 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹੀ ਹੋ ਸਕੀ ਜਦਕਿ ਉਸ ਸਮੇਂ ਸੂਬੇ ਵਿਚ ਅਕਾਲੀ-ਭਾਜਪਾ ਦੀ ਸਰਕਾਰ ਸੀ। ਉਸ ਸਮੇਂ ਕਾਂਗਰਸ ਦੀ ਟਿਕਟ ਤੋਂ ਚੋਣ ਲੜੇ ਮਨਪ੍ਰੀਤ ਸਿੰਘ ਬਾਦਲ ਮੌਜੂਦਾ ਸਮੇਂ ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਜਿੱਤ ਕੇ ਪੰਜਾਬ ਸਰਕਾਰ ਵਿਚ ਖਜ਼ਾਨਾ ਮੰਤਰੀ ਵਜੋਂ ਕੰਮ ਕਰ ਰਹੇ ਹਨ। ਕਾਂਗਰਸ ਪਾਰਟੀ ਦੇ ਉਚ ਸੂਤਰਾਂ ਮੁਤਾਬਕ ਦਿੱਲੀ ਵਿਚ ਅਪਣੀ ਸਰਕਾਰ ਬਣਾਉਣ ਲਈ ਦੂਜੇ ਸੂਬਿਆਂ ਦੀ ਤਰ੍ਹਾਂ ਕਾਂਗਰਸ ਵਲੋਂ ਪੰਜਾਬ ਦੇ ਮੈਦਾਨ ਵਿਚ ਵੀ ਮਜ਼ਬੂਤ ਉਮੀਦਵਾਰ
ਉਤਾਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਇਸ ਦੇ ਚਲਦੇ ਕੈਪਟਨ ਵਜ਼ਾਰਤ ਵਿਚ ਸ਼ਾਮਲ ਦੋ ਵਜ਼ੀਰਾਂ ਨੂੰ ਵੀ ਚੋਣ ਲੜਾਈ ਜਾ ਸਕਦੀ ਹੈ। ਉਂਜ ਪਰਕਾਸ਼ ਸਿੰਘ ਬਾਦਲ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਵਾਰ ਵਲੋਂ ਵੀ ਇਸ ਹਲਕੇ ਤੋਂ ਅਪਣੇ ਦੋਹਤੇ ਨਿਰਵਾਣ ਸਿੰਘ ਵਾਸਤੇ ਸੋਚਿਆ ਜਾ ਸਕਦਾ ਹੈ। ਸਿਆਸੀ ਮਾਹਰਾਂ ਮੁਤਾਬਕ ਹਾਲਾਤ ਬੇਸ਼ੱਕ ਕੁੱਝ ਵੀ ਹੋਣ ਰਿਜ਼ਰਵ ਤੋਂ ਜਨਰਲ ਹੋਣ ਤੋਂ ਬਾਅਦ ਹੌਟ ਸੀਟ ਬਣੀ ਬਠਿੰਡਾ ਲੋਕ ਸਭਾ ਸੀਟ ਵਿਚ ਇਸ ਵਾਰ ਵੀ ਗਹਿਗੱਚ ਮੁਕਾਬਲੇ ਹੋਣ ਦੀ ਪੂਰੀ ਸੰਭਾਵਨਾ ਬਣਦੀ ਜਾ ਰਹੀ ਹੈ।