ਕੜਾਕੇ ਦੀ ਠੰਢ ਵਿਚ ਗ਼ਰਮਾਈ ਪੰਜਾਬ ਦੀ ਰਾਜਨੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿੱਚ ਇਕ ਪਾਸੇ ਕੜਾਕੇ ਦੀ ਠੰਡ ਪੈ ਰਹੀ ਹੈ, ਦੂਜੇ ਪਾਸੇ ਇਸ ਠੰਡ ਵਿੱਚ ਪੰਜਾਬ ਦੀ ਰਾਜਨੀਤੀ ਬਹੁਤ ਗਰਮਾ ਗਈ ਹੈ......

Parkash Singh Badal, Amarinder Singh, Arvind Kejriwal

ਨਾਭਾ : ਪੰਜਾਬ ਵਿੱਚ ਇਕ ਪਾਸੇ ਕੜਾਕੇ ਦੀ ਠੰਡ ਪੈ ਰਹੀ ਹੈ, ਦੂਜੇ ਪਾਸੇ ਇਸ ਠੰਡ ਵਿੱਚ ਪੰਜਾਬ ਦੀ ਰਾਜਨੀਤੀ ਬਹੁਤ ਗਰਮਾ ਗਈ ਹੈ। ਇਕ ਪਾਸੇ ਆਪ ਤੋਂ ਕਿਨਾਰਾ ਕਰ ਚੁਕੇ ਵਿਧਾਇਕ ਖਹਿਰਾ ਵਲੋਂ ਆਪਣੀ  ਨਵੀਂ ਪਾਰਟੀ ਪੰਜਾਬੀ ਏਕਤਾ ਪਾਰਟੀ ਬਣਾ ਲਈ  ਗਈ ਹੈ, ਉਥੇ ਖਹਿਰਾ ਵਲੋਂ ਆਪ ਦਾ ਝਾੜੂ ਵਾਪਸ ਮੋੜੇ ਜਾਣ ਤੋਂ ਬਾਅਦ ਆਪ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਅਕਾਲੀ ਦਲ ਟਕਸਾਲੀ ਦੇ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹੋਰਨਾਂ ਆਗੂਆਂ ਨਾਲ ਮੁਲਾਕਾਤ ਕਰਕੇ ਆਉਂਦੀਆਂ ਲੋਕ ਸਭਾ ਚੋਣਾਂ ਲਈ ਸਾਂਝ ਭਿਆਲੀ ਪਾਉਣ ਦਾ ਯਤਨ ਕੀਤਾ ਹੈ। 

ਪਿਛਲੇ ਦਿਨਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਦੌਰਾਨ ਕਾਂਗਰਸ ਨਾਲ ਆਮ ਆਦਮੀ ਪਾਰਟੀ ਦਾ ਗਠਜੋੜ ਦੀ ਕੋਈ ਲੋੜ ਨਾ ਹੋਣ ਦਾ ਭਰੋਸਾ ਦਿਤਾ ਹੈ, ਦੂਜੇ ਪਾਸੇ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੋਕ ਸਭਾ ਚੋਣਾਂ ਲਈ ਤਿਆਰ ਹੋ ਜਾਣ ਲਈ ਕਹਿ ਦਿਤਾ ਹੈ। ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਅਕਾਲੀ ਦਲ ਮਾਨ ਵੀ ਮੁੜ ਸਰਗਰਮ ਹੋ ਗਿਆ ਹੈ।   
ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਕੋਈ ਵਜੂਦ ਨਹੀਂ ਹੈ

ਅਤੇ ਪੰਜਾਬ ਵਿੱਚ ਇਹ ਪਾਰਟੀ ਖਤਮ ਹੋ ਚੁਕੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਆਪ ਦੀ ਕੇਂਦਰੀ ਲੀਡਰਸ਼ਿਪ ਕੋਲ ਆਖ ਚੁਕੇ ਹਨ ਕਿ ਪੰਜਾਬ ਵਿੱਚ ਆਪ ਦਾ ਕਾਂਗਰਸ ਨਾਲ ਚੋਣ ਗਠਜੋੜ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਸ ਤਰਾਂ ਕਰਨ ਨਾਲ ਆਪ ਦੇ ਸਮਰਥਕ ਤੇ ਕਾਂਗਰਸ ਪਾਰਟੀ ਦੇ ਵਿਰੋਧੀ ਵੱਡੀ ਗਿਣਤੀ ਐਨ ਆਰ ਆਈ ਪੰਜਾਬੀਆਂ ਵਿੱਚ ਰੋਸ ਫੈਲ ਜਾਵੇਗਾ ਅਤੇ ਇਹਨਾਂ ਦੀ ਨਰਾਜਗੀ ਝੱਲਣ ਦੀ ਸਥਿਤੀ ਵਿੱਚ ਅਜੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨਹੀਂ ਹੈ,

ਇਸ ਦੇ ਨਾਲ ਹੀ ਆਪ ਆਗੂਆਂ ਵਲੋਂ ਪੰਜਾਬ ਵਿੱਚ ਤੀਲਾ ਤੀਲਾ ਹੋ ਚੁਕਿਆ ਆਪ ਦਾ ਝਾੜੂ ਮੁੜ ਇਕਠਾ ਕਰਨ ਦੇ ਯਤਨ ਤੇਜ ਕਰ ਦਿਤੇ ਗਏ ਹਨ। ਪੰਜਾਬ ਦੀ ਰਾਜਨੀਤੀ ਵਿੱਚ ਆਪੋ ਧਾਪੀ ਦਾ ਮਾਹੋਲ ਬਹੁਤ ਜਿਆਦਾ ਵਧ ਰਿਹਾ ਹੈ, ਪੰਜਾਬ ਵਿੱਚ ਵਿਚਰ ਰਹੀਆਂ ਸਾਰੀਆਂ ਪਾਰਟੀਆਂ ਦੇ ਆਗੂਆਂ ਵਿੱਚ ਨਿਜੀ ਮੁਫਾਦ ਭਾਰੂ ਹੋ ਗਏ ਹਨ, ਇਸ ਸਾਰੇ ਮਾਮਲੇ ਵਿੱਚ ਲੋਕ ਮੁਦੇ ਪਿਛੇ ਰਹਿ ਗਏ ਹਨ।

ਹਰ ਰਾਜਸੀ ਆਗੂ ਆਊਂਦੀਆਂ ਲੋਕ ਸਭਾ ਚੋਣਾਂ ਵਿੱਚ ਲਾਭ ਪ੍ਰਾਪਤ ਕਰਨ ਲਈ ਹੁਣ ਤੋਂ ਯਤਨਸ਼ੀਲ ਹੋ ਗਿਆ ਹੈ, ਜਿਸ ਕਾਰਨ ਕੜਾਕੇ ਦੀ ਠੰਡ ਵਿੱਚ ਪੰਜਾਬ ਦੀ ਰਾਜਨੀਤੀ ਕਾਫੀ ਗਰਮਾਅ ਗਈ ਹੈ, ਇਸ ਤਰਾਂ ਪੰਜਾਬ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਚੋਣ ਮਾਹੌਲ ਬਣਦਾ ਜਾ ਰਿਹਾ ਹੈ।