ਮੇਲਾ ਮਾਘੀ ’ਤੇ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ

ਏਜੰਸੀ

ਖ਼ਬਰਾਂ, ਪੰਜਾਬ

ਮੇਲਾ ਮਾਘੀ ’ਤੇ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ

image

ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਰਣਜੀਤ ਸਿੰਘ/ਗਬਰਦੇਵ ਸਿੰਘ): ਮਹਾਨ ਸ਼ਹੀਦਾਂ 40 ਮੁਕਤਿਆਂ ਦੀ ਯਾਦ ’ਚ ਸ੍ਰੀ ਦਰਬਾਰ ਸਾਹਿਬ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦੀ ਜੋੜ ਮੇਲਾ ਮਾਘੀ ਮਨਾਇਆ ਗਿਆ। ਇਸ ਦੌਰਾਨ ਸੰਘਣੀ ਧੁੰਦ ਅਤੇ ਹੱਡ ਚੀਰਵੀਂ ਠੰਢ ਦੇ ਬਾਵਜੂਦ ਵੀ ਦੇਸ਼ਾਂ-ਵਿਦੇਸ਼ਾਂ ਤੋਂ ਪੁੱਜੀਆਂ ਸੰਗਤਾਂ ਨੇ 13 ਜਨਵਰੀ ਦੀ ਰਾਤ ਤੋਂ ਹੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਚਾਲੀ ਮੁਕਤਿਆਂ ਦੀ ਯਾਦ ’ਚ ਮਨਾਏ ਜਾਂਦੇ ਜੋੜ ਮੇਲੇ ਦੇ ਧਾਰਮਕ ਸਮਾਗਮਾਂ ’ਚ 12 ਜਨਵਰੀ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਅਖੰਡ ਪਾਠ ਆਰੰਭ ਹੋਏ ਸਨ, ਜਿਨ੍ਹਾਂ ਦੇ ਭੋਗ ਅੱਜ ਪਾਏ ਗਏ। ਇਸ ਮੌਕੇ ਗੁਰਦਵਾਰਾ ਟੁੱਟੀ ਗੰਢੀ ਸਾਹਿਬ ਵਿਖੇ ਰਾਗੀ ਸਿੰਘਾਂ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। 
ਇਸ ਸਬੰਧੀ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਧਾਰਮਕ ਦੀਵਾਨ ਸਜਾਏ ਗਏ ਜਿਸ ’ਚ ਢਾਡੀ, ਕਵੀਸ਼ਰ ਜਥਿਆਂ ਨੇ ਯੋਧਿਆਂ ਦੀ ਲਾਸਾਨੀ ਸ਼ਹਾਦਤ ਦੀਆਂ ਵਾਰਾਂ ਗਾਈਆਂ। ਇਸ ਦੌਰਾਨ ਸ਼ਹਿਰ ਦਾ ਪੂਰਾ ਮਾਹੌਲ ਸ਼ਰਧਾਮਈ ਰੰਗ ’ਚ ਰੰਗਿਆ ਗਿਆ। ਇਸ ਦੌਰਾਨ ਸੰਗਤਾਂ ਦੀ ਅਥਾਹ ਸ਼ਰਧਾ ਦੇਖਣ ਨੂੰ ਮਿਲੀ। ਇਸ ਮੌਕੇ ਸੰਗਤਾਂ ਨੇ ਪਵਿੱਤਰ ਸਰੋਵਰ ’ਚ ਚੁੱਭੀ ਲਾ ਕੇ ਅਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਵਲੋਂ ਸੰਗਤਾਂ ਦੀ ਸਹੂਲਤ ਲਈ ਬੜੇ ਸੁਚੱਜੇ ਪ੍ਰਬੰਧ ਕੀਤੇ ਗਏ ਸਨ। ਸ੍ਰੀ ਦਰਬਾਰ ਸਾਹਿਬ ਵਲੋਂ ਇਤਿਹਾਸਕ ਗੁਰੂ ਘਰਾਂ ਨੂੰ ਸੁੰਦਰ ਬਿਜਲਈ ਲਾਇਟਾਂ ਤੇ ਫੁੱਲਾਂ ਦੀਆਂ ਲੜੀਆਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ। ਇਸ ਮੌਕੇ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਉਂਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਜਿਨ੍ਹਾਂ ਨੂੰ ਦੇਖ ਕੇ ਸੰਗਤਾਂ ਸਿੱਖ ਇਤਿਹਾਸ ਤੋਂ ਜਾਣੂੰ ਹੋਈਆਂ। ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ’ਚ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ਼ ਤੌਰ ’ਤੇ ਗੋਤਾਖੋਰਾਂ ਦਾ ਪ੍ਰਬੰਧ ਕੀਤਾ ਗਿਆ।