ਕੋਵਿਡ ਟੀਕਾਕਰਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ, ਚਾਰ ਦਿਨ ਲੈਣਗੇ ਟੀਕੇ: ਕੇਜਰੀਵਾਲ

ਏਜੰਸੀ

ਖ਼ਬਰਾਂ, ਪੰਜਾਬ

ਕੋਵਿਡ ਟੀਕਾਕਰਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ, ਚਾਰ ਦਿਨ ਲੈਣਗੇ ਟੀਕੇ: ਕੇਜਰੀਵਾਲ

image

ਦਿੱਲੀ ’ਚ 81 ਕੇਂਦਰਾਂ ’ਤੇ 16 ਜਨਵਰੀ ਨੂੰ ਲਗਾਈ ਜਾਵੇਗੀ ਕੋਰੋਨਾ ਵੈਕਸੀਨ

ਨਵੀਂ ਦਿੱਲੀ, 14 ਜਨਵਰੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਨੇ 16 ਜਨਵਰੀ ਤੋਂ ਕੋਰੋਨਾ ਵਾਇਰਸ ਦੇ ਟੀਕੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਸ਼ਹਿਰ ਵਿਚ ਹਰੇਕ ਨਿਰਧਾਰਤ ਦਿਨ 8,000 ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾਵੇਗਾ।
ਆਨਲਾਈਨ ਪ੍ਰੈਸ ਕਾਨਫ਼ਰੰਸ ਵਿਚ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਹੁਣ ਤਕ ਕੇਂਦਰ ਤੋਂ ਟੀਕੇ ਦੀਆਂ 2.74 ਲੱਖ ਖੁਰਾਕਾਂ ਪ੍ਰਾਪਤ ਕੀਤੀਆਂ ਹਨ, ਜੋ ਕਿ 1.2 ਲੱਖ ਸਿਹਤ ਕਰਮਚਾਰੀਆਂ ਲਈ ਕਾਫ਼ੀ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਦੋ ਖ਼ੁਰਾਕ ਦਿਤੀ ਜਾਵੇਗੀ। ਕੇਂਦਰ ਨੇ ਟੀਕੇ ਦੇ ਸ਼ੀਸ਼ੀ ਟੁਟਣ ਦੀ ਸਥਿਤੀ ਜਾਂ ਹੋਰ ਕਾਰਨਾਂ ਨੂੰ ਧਿਆਨ ਵਿਚ ਰੱਖਦਿਆਂ 10 ਪ੍ਰਤੀਸ਼ਤ ਦੀ ਵਾਧੂ ਖ਼ੁਰਾਕ ਪ੍ਰਦਾਨ ਕੀਤੀ ਹੈ। ਕੁਲ 2.4 ਲੱਖ ਸਿਹਤ ਕਰਮਚਾਰੀਆਂ ਨੇ ਦਿੱਲੀ ਵਿਚ ਟੀਕਾਕਰਨ ਲਈ ਰਜਿਸਟਰ ਕਰਵਾ ਲਿਆ ਹੈ ਅਤੇ ਛੇਤੀ ਹੀ ਹੋਰ ਖ਼ੁਰਾਕਾਂ ਦੇ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। 
ਮੁੱਖ ਮੰਤਰੀ ਨੇ ਕਿਹਾ ਕਿ ਟੀਕਾਕਰਨ ਸਨਿਚਰਵਾਰ ਨੂੰ ਸ਼ਹਿਰ ਦੇ 81 ਕੇਂਦਰਾਂ ਤੋਂ ਸ਼ੁਰੂ ਹੋਵੇਗਾ ਅਤੇ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਗਿਣਤੀ ਵਧ ਕੇ 175 ਹੋ ਜਾਵੇਗੀ ਅਤੇ ਆਖ਼ਰਕਾਰ 1000 ਸੈਂਟਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਟੀਕੇ ਹਫ਼ਤੇ ਵਿਚ ਚਾਰ ਦਿਨ - ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸਨਿਚਰਵਾਰ ਨੂੰ ਲਗਾਏ ਜਾਣਗੇ। ਕੋਵਿਡ ਟੀਕੇ ਐਤਵਾਰ ਅਤੇ ਹਫ਼ਤੇ ਦੇ ਦੋ ਹੋਰ ਦਿਨ ਨਹੀਂ ਲਗਾਏ ਜਾਣਗੇ। ਇਨ੍ਹਾਂ ਦਿਨਾਂ ਵਿਚ ਆਮ ਟੀਕਾਕਰਨ ਜਾਰੀ ਰਹੇਗਾ।
ਉਨ੍ਹਾਂ ਕਿਹਾ ਕਿ ਰੋਜ਼ਾਨਾ 100 ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਪਿਛਲੇ ਕਈ ਮਹੀਨਿਆਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਲੋਕ ਆਖ਼ਰਕਾਰ ਇਸ ਵਾਇਰਸ ਤੋਂ ਛੁਟਕਾਰਾ ਪਾਉਣਗੇ। ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਤੋਂ ਪਹਿਲਾਂ ਦਿੱਲੀ ਸਰਕਾਰ ਦੇ ਟੀਕਾਕਰਨ ਮੁਹਿੰਮ ਦੀ ਸਮੀਖਿਆ ਮੀਟਿੰਗ ਕੀਤੀ। (ਪੀਟੀਆਈ)