ਭੁਪਿੰਦਰ ਸਿੰਘ ਮਾਨ ਨੇ ਸੁਪਰੀਮ ਕੋਰਟ ਦੀ ਕਮੇਟੀ ਦੀ ਮੈਂਬਰੀ ਛੱਡੀ

ਏਜੰਸੀ

ਖ਼ਬਰਾਂ, ਪੰਜਾਬ

ਭੁਪਿੰਦਰ ਸਿੰਘ ਮਾਨ ਨੇ ਸੁਪਰੀਮ ਕੋਰਟ ਦੀ ਕਮੇਟੀ ਦੀ ਮੈਂਬਰੀ ਛੱਡੀ

image

ਪੰਜਾਬ ਵਿਚ ਚਹੁੰ ਪਾਸਿਉਂ ਹੋ ਰਿਹਾ ਸੀ ਭਾਰੀ ਵਿਰੋਧ

ਚੰਡੀਗੜ੍ਹ, 14 ਜਨਵਰੀ (ਗੁਰਉਪਦੇਸ਼ ਭੁੱਲਰ) : ਸੁਪਰੀਮ ਕੋਰਟ ਵਲੋਂ ਕੇਂਦਰੀ ਖੇਤੀ ਕਾਨੂੰਨਾਂ ’ਤੇ ਰੋਕ ਲਾਉਣ ਬਾਅਦ ਇਨ੍ਹਾਂ ਕਾਨੂੰਨਾਂ ਦੀ ਸਮੀਖਿਆ ਲਈ ਹੱਲ ਕੱਢਣ ਵਾਸਤੇ ਗਠਤ ਚਾਰ ਮੈਂਬਰੀ ਮਾਹਰ ਕਮੇਟੀ ਦੀ ਹਾਲੇ ਪਹਿਲੀ ਮੀਟਿੰਗ ਹੀ ਹੋਣੀ ਸੀ ਕਿ ਇਸ ਦੇ ਇਕ ਪ੍ਰਮੁੱਖ ਮੈਂਬਰ ਭੁਪਿੰਦਰ ਸਿੰਘ ਮਾਨ ਨੇ ਇਸ ਕਮੇਟੀ ਵਿਚੋਂ ਬਾਹਰ ਹੋਣ ਦਾ ਐਲਾਨ ਕਰ ਦਿਤਾ ਹੈ। ਮਾਨ ਪੰਜਾਬ ਨਾਲ ਸਬੰਧਤ ਕਿਸਾਨ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਹਨ। ਇਸ ਕਮੇਟੀ ਦੇ ਗਠਨ ਤੋਂ ਬਾਅਦ ਹੀ ਚਾਰੇ ਮੈਂਬਰਾਂ ਦਾ ਵਿਰੋਧ ਸ਼ੁਰੂ ਹੋ ਗਿਆ ਸੀ ਅਤੇ ਇਨ੍ਹਾਂ ਉਪਰ ਖੇਤੀ ਕਾਨੂੰਨਾਂ ਦੇ ਸਮਰਥਕ ਹੋਣ ਦੇ ਦੋਸ਼ ਲੱਗ ਰਹੇ ਹਨ। ਜਿਥੇ ਤਿੰਨ ਮੈਂਬਰਾਂ ਦੇ ਅਖ਼ਬਾਰਾਂ ਵਿਚ ਛਪੇ ਲੇਖਾਂ ਦਾ ਹਵਾਲਾ ਦਿਤਾ ਜਾ ਰਿਹਾ ਹੈ, ਉਥੇ ਮਾਨ ਵਲੋਂ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਦਾ ਮਾਮਲਾ ਉਛਲ ਰਿਹਾ ਸੀ ਜਿਸ ਵਿਚ ਉਨ੍ਹਾਂ ਖੇਤੀ ਕਾਨੂੰਨਾਂ ਵਿਚ ਸੋਧਾਂ ਕਰ ਕੇ ਮਸਲਾ ਹੱਲ ਕਰਨ ਤੇ ਖੇਤੀ ਸੁਧਾਰਾਂ ਦੀ ਹਮਾਇਤ ਕੀਤੀ ਹੈ। 
ਅੱਜ ਅਚਾਨਕ ਮਾਨ ਨੇ 4 ਮੈਂਬਰੀ ਕਮੇਟੀ ਤੋਂ ਵੱਖ ਹੋਣ ਦਾ ਐਲਾਨ ਕਰਦਿਆਂ ਜਾਰੀ ਇਕ ਸੰਖੇਪ ਬਿਆਨ ਵਿਚ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਧਨਵਾਦੀ 
ਹਨ ਕਿ ਉਨ੍ਹਾਂ ਨੂੰ ਮਾਹਰ ਕਮੇਟੀ ਵਿਚ ਪਾਇਆ ਗਿਆ। ਉਨ੍ਹਾਂ ਕਿਹਾ ਕਿ ਉਹ ਖ਼ੁਦ ਕਿਸਾਨ ਨੇਤਾ ਹਨ ਤੇ ਕਿਸਾਨ ਹਨ ਜਿਸ ਕਾਰਨ ਕਿਸਾਨਾਂ ਦੇ ਖ਼ਦਸ਼ਿਆਂ ਨੂੰ ਦੇਖਦਿਆਂ ਉਹ ਅਪਣੀ ਮੈਂਬਰੀ ਛੱਡ ਰਹੇ ਹਨ ਤੇ ਪੰਜਾਬ ਤੇ ਕਿਸਾਨਾਂ ਦੇ ਹਿਤਾਂ ਵਿਰੁਧ ਕੋਈ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪੂਰੀ ਤਰ੍ਹਾਂ ਪੰਜਾਬ ਦੇ ਕਿਸਾਨਾਂ ਨਾਲ ਖੜੇ ਹਨ। ਪਤਾ ਲੱਗਾ ਹੈ ਕਿ ਮਾਨ ਨੇ ਚਹੁੰ ਪਾਸਿਉਂ ਪੰਜਾਬ ਵਿਚ ਉਨ੍ਹਾਂ ਦੇ ਹੋਏ ਵਿਰੋਧ ਕਾਰਨ ਹੀ ਬਣੇ ਦਬਾਅ ਕਾਰਨ ਮੈਂਬਰੀ ਛੱਡੀ ਹੈ। ਇਹ ਵੀ ਸੁਨਣ ਵਿਚ ਆ ਰਿਹਾ ਹੈ ਕਿ ਉਨ੍ਹਾਂ ਦੇ ਪ੍ਰਵਾਰ ਦੇ ਮੈਂਬਰ ਵੀ ਮੈਂਬਰੀ ਲੈਣ ਵਿਰੁਧ ਸਨ।