ਜੇ ਕੋਈ ‘ਮਹਾਨ ਸ਼ਕਤੀ’ ਸਾਡੇ ਸਨਮਾਨ ਨੂੰ ਠੇਸ ਪਹੁੰਚਾਉਂਦੀ ਹੈ, ਤਾਂ ਮੂੰਹ-ਤੋੜ ਜਵਾਬ ਦਿਤਾ ਜਾਵੇਗਾ:
ਜੇ ਕੋਈ ‘ਮਹਾਨ ਸ਼ਕਤੀ’ ਸਾਡੇ ਸਨਮਾਨ ਨੂੰ ਠੇਸ ਪਹੁੰਚਾਉਂਦੀ ਹੈ, ਤਾਂ ਮੂੰਹ-ਤੋੜ ਜਵਾਬ ਦਿਤਾ ਜਾਵੇਗਾ: ਰਾਜਨਾਥ ਸਿੰਘ
ਬੰਗਲੁਰੂ, 14 ਜਨਵਰੀ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਦੇ ਨਾਲ ਅੱਠ ਮਹੀਨੇ ਤੋਂ ਚੱਲ ਰਹੇ ਰੇੜਕੇ ਵਿਚਕਾਰ ਵੀਰਵਾਰ ਨੂੰ ਕਿਹਾ ਕਿ ਭਾਰਤ ਯੁੱਧ ਨਹੀਂ ਚਾਹੁੰਦਾ, ਪਰ ਜੇ ਕੋਈ ‘ਮਹਾਂਸ਼ਕਤੀ’ ਦੇਸ਼ ਦੇ ਸਨਮਾਨ ਨੂੰ ਠੇਸ ਪਹੁੰਚਾਉਂਦੀ ਹੈ, ਤਾਂ ਦੇਸ਼ ਦੇ ਸੈਨਿਕ ਮੂੰਹਤੋੜ ਜਵਾਬ ਦੇਣ ਵਿਚ ਸਮਰੱਥ ਹਨ।
ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਯੁੱਧ ਨਹੀਂ ਚਾਹੁੰਦੇ ਅਤੇ ਅਸੀਂ ਸਾਰਿਆਂ ਦੀ ਸੁਰੱਖਿਆ ਦੇ ਹੱਕ ਵਿਚ ਹਾਂ, ਪਰ ਮੈਂ ਇਹ ਵੀ ਸਪੱਸ਼ਟ ਤੌਰ ਉੱਤੇ ਕਹਿਣਾ ਚਾਹੁੰਦਾ ਹਾਂ ਕਿ ਜੇ ਕੋਈ ਮਹਾਂਸ਼ਕਤੀ ਸਾਡੀ ਇੱਜ਼ਤ ਨੂੰ ਠੇਸ ਪਹੁੰਚਾਉਣਾ ਚਾਹੁੰਦੀ ਹੈ ਤਾਂ ਸਾਡੇ ਸੈਨਿਕ ਉਨ੍ਹਾਂ ਨੂੰ ਢੁਕਵਾਂ ਜਵਾਬ ਦੇਣ ਦੇ ਯੋਗ ਹਨ।
ਰਖਿਆ ਮੰਤਰੀ ਨੇ ਕਿਹਾ ਕਿ ਭਾਰਤ ਕਦੇ ਵੀ ਕਿਸੇ ਦੇਸ਼ ਨਾਲ ਟਕਰਾਅ ਨਹੀਂ ਚਾਹੁੰਦਾ ਅਤੇ ਅਪਣੇ ਗੁਆਂਢੀਆਂ ਨਾਲ ਸ਼ਾਂਤੀ ਅਤੇ ਦੋਸਤਾਨਾ ਸਬੰਧਾਂ ਨੂੰ ਪਹਿਲ ਦਿਤੀ ਹੈ। ਉਨ੍ਹਾਂ ਨੇ ਬੰਗਲੌਰ ਵਿਚ ਭਾਰਤੀ ਹਵਾਈ ਸੈਨਾ ਦੇ ਮੁੱਖ ਦਫ਼ਤਰ ਸਿਖਲਾਈ ਕਮਾਂਡ ਵਿਚ ਪੰਜਵੇਂ ਆਰਮਡ ਫ਼ੋਰਸਿਜ਼ ਸਾਬਕਾ ਸੈਨਿਕ ਦਿਵਸ ਦੇ ਮੌਕੇ ’ਤੇ ਕਿਹਾ ਕਿ ਇਹ ਹਮੇਸ਼ਾ ਅਪਣੇ ਗੁਆਂਢੀਆਂ ਨਾਲ ਸ਼ਾਂਤੀ ਅਤੇ ਦੋਸਤਾਨਾ ਸਬੰਧ ਚਾਹੁੰਦਾ ਹੈ, ਕਿਉਂਕਿ ਇਹ ਸਾਡੇ ਖੂਨ ਅਤੇ ਸਭਿਆਚਾਰ ਵਿਚ ਹੈ।
ਚੀਨ ਨਾਲ ਹੋਏ ਰੇੜਕੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਸੈਨਿਕਾਂ ਨੇ ਮਿਸਾਲੀ ਹਿੰਮਤ ਅਤੇ ਸਬਰ ਦਿਖਾਇਆ ਹੈ ਅਤੇ ਜੇਕਰ ਇਸ ਦਾ ਵਰਣਨ ਕੀਤਾ ਜਾ ਸਕਦਾ ਹੈ ਤਾਂ ਹਰ ਭਾਰਤੀ ਨੂੰ ਮਾਣ ਹੋਵੇਗਾ।
ਰਖਿਆ ਮੰਤਰੀ ਨੇ ਉਨ੍ਹਾਂ ਭਾਰਤੀ ਜਵਾਨਾਂ ਦੀ ਵੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ‘ਪਾਕਿਸਤਾਨ ਦੀ ਧਰਤੀ ’ਤੇ ਅਤਿਵਾਦੀਆਂ ਦੇ ਢੇਰ ਕਰ ਦੇਣ ਦੀ ਬੇਮਿਸਾਲ ਹਿੰਮਤ ਦਿਖਾਈ। ਇਸ ਸਮੇਂ ਦੌਰਾਨ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐਸ) ਜਨਰਲ ਬਿਪਿਨ ਰਾਵਤ ਵੀ ਮੌਜੂਦ ਸਨ। (ਏਜੰਸੀ)