ਮੁੁਰੈਨਾ ਜ਼ਹਿਰੀਲੀ ਸ਼ਰਾਬ ਕਾਂਡ: ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 24 ਹੋਈ

ਏਜੰਸੀ

ਖ਼ਬਰਾਂ, ਪੰਜਾਬ

ਮੁੁਰੈਨਾ ਜ਼ਹਿਰੀਲੀ ਸ਼ਰਾਬ ਕਾਂਡ: ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 24 ਹੋਈ

image

ਸਰਕਾਰ ਨੇ ਬੀ. ਕਾਰਤੀਕੇਯਨ ਨੂੰ ਮੁਰੈਨਾ ਜ਼ਿਲ੍ਹੇ ਦਾ ਕੁਲੈਕਟਰ ਅਤੇ ਸੁਨੀਲ ਕੁਮਾਰ ਪਾਂਡੇ ਨੂੰ ਐਸ.ਪੀ. ਨਿਯੁਕਤ ਕੀਤਾ 

ਭੋਪਾਲ/ਮੁਰੈਨਾ, 14 ਜਨਵਰੀ : ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਵਿਚ ਸੋਮਵਾਰ ਰਾਤ ਨੂੰ ਪਿੰਡ ਵਾਸੀਆਂ ਵਲੋਂ ਕਥਿਤ ਤੌਰ ਉੱਤੇ ਜ਼ਹਿਰੀਲੀ ਸ਼ਰਾਬ ਪੀਣ ਦੀ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ।
ਚੰਬਲ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ.ਆਈ.ਜੀ.) ਰਾਜੇਸ਼ ਹਿੰਗਣਕਰ ਨੇ ਵੀਰਵਾਰ ਨੂੰ ਪੀਟੀਆਈ ਭਾਸ਼ਾ ਨੂੰ ਦਸਿਆ ਕਿ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿਚ ਚਾਰ ਹੋਰ ਵਿਅਕਤੀਆਂ ਦੀ ਮੌਤ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਮਾਮਲੇ ਵਿਚ 15 ਬੀਮਾਰ ਲੋਕਾਂ ਦਾ ਇਲਾਜ ਹੁਣ ਗਵਾਲੀਅਰ ਅਤੇ ਮੁਰੈਨਾ ਦੇ ਸਰਕਾਰੀ ਹਸਪਤਾਲਾਂ ਵਿਚ ਚੱਲ ਰਿਹਾ ਹੈ।
ਇਸ ਦੌਰਾਨ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ (ਏ.ਸੀ.ਐੱਸ.) ਰਾਜੇਸ਼ ਰਾਜੌਰਾ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਇਸ ਘਟਨਾ ਦੀ ਜਾਂਚ ਲਈ ਜ਼ਿਲ੍ਹੇ ਦੇ ਮਾਨਪੁਰ ਪਿੰਡ ਪਹੁੰਚ ਗਈ ਹੈ। ਕਮੇਟੀ ਦੇ ਹੋਰ ਮੈਂਬਰਾਂ ਵਿਚ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਸੀਆਈਡੀ ਏ ਸਾਈ ਮਨੋਹਰ ਅਤੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਮਿਥਲੇਸ਼ ਸ਼ੁਕਲਾ ਸ਼ਾਮਲ ਹਨ।
ਜ਼ਿਲ੍ਹਾ ਮੈਜਿਸਟਰੇਟ ਅਤੇ ਐਸ ਪੀ ਦੇ ਤਬਾਦਲੇ ਤੋਂ ਇਲਾਵਾ, ਸਰਕਾਰ ਨੇ ਡਿਊਟੀ ਨਿਭਾਉਣ ਵਿਚ ਲਾਪਰਵਾਹੀ ਦੇ ਦੋਸ਼ਾਂ ਤਹਿਤ ਬਾਗਚੀਨੀ ਥਾਣੇ ਦੇ ਸਮੁੱਚੇ ਅਮਲੇ ਨੂੰ ਹਟਾ ਦਿਤਾ ਹੈ।
ਅਧਿਕਾਰਤ ਸੂਤਰਾਂ ਨੇ ਦਸਿਆ ਕਿ ਰਾਜ ਸਰਕਾਰ ਨੇ ਇਸ ਮਾਮਲੇ ਵਿਚ ਸਬ-ਡਵੀਜ਼ਨਲ ਆਫ਼ ਪੁਲਿਸ (ਐਸ.ਡੀ.ਪੀ.ਓ) ਸੁਜੀਤ ਭਦਰਾ ਨੂੰ ਵੀ ਮੁਅੱਤਲ ਕਰ ਦਿਤਾ ਹੈ। 
ਇਸ ਘਟਨਾ ਤੋਂ ਬਾਅਦ, ਸਰਕਾਰ ਨੇ ਬੀ. ਕਾਰਤੀਕੇਯਨ ਨੂੰ ਮੁਰੈਨਾ ਜ਼ਿਲ੍ਹੇ ਦਾ ਕੁਲੈਕਟਰ ਅਤੇ ਸੁਨੀਲ ਕੁਮਾਰ ਪਾਂਡੇ ਨੂੰ ਐਸ.ਪੀ. ਨਿਯੁਕਤ ਕੀਤਾ ਹੈ। (ਪੀਟੀਆਈ)