ਅਸੀ ਅੰਦੋਲਨ ਕਰਨ ਆਏ ਹਾਂ ਬਗ਼ਾਵਤ ਕਰਨ ਨਹੀਂ : ਰਾਜੇਵਾਲ

ਏਜੰਸੀ

ਖ਼ਬਰਾਂ, ਪੰਜਾਬ

ਅਸੀ ਅੰਦੋਲਨ ਕਰਨ ਆਏ ਹਾਂ ਬਗ਼ਾਵਤ ਕਰਨ ਨਹੀਂ : ਰਾਜੇਵਾਲ

image

ਕਿਹਾ, ਲਾਲ ਕਿਲ੍ਹੇ ’ਤੇ ਝੰਡਾ ਲਹਿਰਾਉਣ ਜਾਂ ਸੰਸਦ ’ਤੇ ਕਬਜ਼ੇ ਦਾ ਕੋਈ ਪ੍ਰੋਗਰਾਮ ਨਹੀਂ

ਚੰਡੀਗੜ੍ਹ, 14 ਜਨਵਰੀ (ਗੁਰਉਪਦੇਸ਼ ਭੁੱਲਰ) : ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਮੈਂਬਰ ਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ 26 ਜਨਵਰੀ ਨੂੰ ਕਿਸਾਨਾਂ ਦੇ ਟਰੈਕਟਰ ਮਾਰਚ ਤੇ ਪਰੇਡ ਨੂੰ ਲੈ ਕੇ ਹੋ ਰਹੇ ਤਰ੍ਹਾਂ ਤਰ੍ਹਾਂ ਦੇ ਪ੍ਰਚਾਰ ਬਾਰੇ ਸਥਿਤੀ ਸਪਸ਼ਟ ਕਰਦਿਆਂ ਦਿੱਲੀ ਦੀਆਂ ਹੱਦਾਂ ’ਤੇ ਬੈਠੇ ਅਤੇ ਪੰਜਾਬ ਵਿਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਇਸ ਪ੍ਰਚਾਰ ਤੋਂ ਸੁਚੇਤ ਵੀ ਕੀਤਾ ਹੈ। 
ਰਾਜੇਵਾਲ ਨੇ ਜਿਥੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਥਿਤੀ ਸਪੱਸ਼ਟ ਕੀਤੀ ਹੈ, ਉਥੇ ਅੱਜ ਇਕ ਖੁਲ੍ਹਾ ਪੱਤਰ ਵੀ ਜਾਰੀ ਕੀਤਾ ਹੈ। ਰਾਜੇਵਾਲ ਨੇ ਕਿਹਾ ਕਿ ਅਸੀ ਅੰਦੋਲਨ ਕਰਨ ਆਏ ਹਾਂ, ਬਗ਼ਾਵਤ ਲਈ ਨਹੀਂ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਉਣ ਜਾਂ ਸੰਸਦ ’ਤੇ ਕਬਜ਼ੇ ਦਾ ਕੋਈ ਵੀ ਪ੍ਰੋਗਰਾਮ ਨਹੀਂ ਪਰ ਕੁੱਝ ਸ਼ਕਤੀਆਂ ਅਜਿਹਾ ਪ੍ਰਚਾਰ ਕਰ ਰਹੀਆਂ ਹਨ। ਕਿਸਾਨ ਆਗੂ ਨੇ ਕਿਹਾ ਕਿ ਟਰੈਕਟਰ ਪਰੇਡ ਕੋਈ ਆਖ਼ਰੀ ਪ੍ਰੋਗਰਾਮ ਨਹੀਂ ਬਲਕਿ ਸਰਕਾਰ ’ਤੇ ਦਬਾਅ ਬਣਾਉਣ ਲਈ ਅੰਦੋਲਨ ਦੇ ਕਈ ਪੜਾਅ ਹੁੰਦੇ ਹਨ। ਹਾਲੇ 26 ਜਨਵਰੀ ਦੀ ਟਰੈਕਟਰ ਪਰੇਡ ਦਾ ਕੋਈ ਵਿਸਥਾਰਤ ਪ੍ਰੋਗਰਾਮ ਨਹੀਂ ਬਣਿਆ ਬਲਕਿ ਸ਼ਾਂਤਮਈ ਪਰੇਡ ਦਾ ਫ਼ੈਸਲਾ ਹੀ ਹੋਇਆ ਹੈ। 15 ਜਨਵਰੀ ਬਾਅਦ ਜਥੇਬੰਦੀਆਂ ਦੀ ਮੀਟਿੰਗ ਕਰ ਕੇ ਵਿਉਂਤਬੰਦੀ ਕੀਤੀ ਜਾਵੇਗੀ ਕਿ 26 ਨੂੰ ਪਰੇਡ ਕਿਵੇਂ ਕਰਨੀ ਹੈ। ਉਨ੍ਹਾਂ ਕਿਹਾ ਕਿ ਕਈ ਥਾਈਂ ਕਿਸਾਨ ਟਰੈਕਟਰਾਂ ਨੂੰ ਵਿਸ਼ੇਸ਼ ਰੂਪ ਵਿਚ ਬਣਾ ਰਹੇ ਹਨ ਜਿਵੇਂ ਲੜਾਈ ਲੜਨੀ ਹੋਵੇ ਜਾਂ ਕਿਸੇ ’ਤੇ ਹਮਲਾ ਕਰਨਾ ਹੋਵੇ। 
ਸੁਪ੍ਰੀਮ ਕੋਰਟ ਨੇ ਇਸ ਪ੍ਰਚਾਰ ਬਾਅਦ ਸਰਕਾਰ ਦੀ ਪਟੀਸ਼ਨ ’ਤੇ ਪਹਿਲਾਂ ਹੀ ਕਿਸਾਨ ਆਗੂਆਂ ਨੂੰ ਨੋਟਿਸ ਜਾਰੀ ਕੀਤਾ ਹੋਇਆ ਹੈ। ਰਾਜੇਵਾਲ ਨੇ ਖ਼ਾਲਿਸਤਾਨ ਬਾਰੇ ਕਿਹਾ ਕਿ ਕੁੱਝ ਲੋਕ ਅਜਿਹਾ ਪ੍ਰਚਾਰ ਕਰ ਕੇ ਅਪਣੀਆਂ ਰੋਟੀਆਂ ਸੇਕਣ ਦੇ ਯਤਨਾਂ ਵਿਚ ਹਨ ਪਰ ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਅੰਦੋਲਨ ਨੂੰ ਤਾਂ ਬਖ਼ਸ਼ ਦਿਉ ਅਤੇ ਖ਼ਾਲਿਸਤਾਨ ਕਿਸੇ ਹੋਰ ਦੇਸ਼ ਦੀ ਧਰਤੀ ’ਤੇ ਬਣਾ ਲਉ। 

ਕਿਸਾਾਨ ਅੰਦੋਲਨ ਨੂੰ ਕਿਸਾਨਾਂ ਦਾ ਹੀ ਰਹਿਣ ਦਿਉ। ਇਹ ਕਿਸਾਨਾਂ ਦੇ ਬੱਚਿਆਂ ਦੇ ਭਵਿੱਖ ਦੀ ਲੜਾਈ ਹੈ। ਰਾਜੇਵਾਲ ਨੇ ਕਿਹਾ,‘‘ਮੈਂ ਅਜਿਹੀ ਲੜਾਈ ਦੇ ਕਦੇ ਹੱਕ ਵਿਚ ਨਹੀਂ ਜੋ ਸਾਡੇ ਪੁੱਤ ਮਰਵਾਉਣ ਵਾਲੀ ਹੋਵੇ ਜਦਕਿ ਕੁੱਝ ਲੋਕ ਲੋਕਾਂ ਦੇ ਮੁੰਡੇ ਮਰਵਾ ਕੇ ਉਸ ’ਤੇ ਅਪਣੀ ਸਿਆਸੀ ਰੋਟੀਆਂ ਸੇਕਦੇ ਹਨ। ਉਨ੍ਹਾਂ ਕਿਹਾ ਕਿ ਸ਼ਾਂਤਮਈ ਅੰਦੋਲਨ ਹੀ ਸਫ਼ਲਤਾ ਦੀ ਕੁੰਜੀ ਹੈ ਜਦਕਿ ਹਿੰਸਾ ਫਾਂਸੀ ਬਰਾਬਰ ਹੈ। ਹਿੰਸਾ ਨਾਲ ਅੰਦੋਲਨਾਂ ਦਾ ਪਤਨ ਹੁੰਦਾ ਹੈ।