ਛੇ ਜ਼ਿਲਿ੍ਹਆਂ ’ਚ 1249 ਕਰੋੜ ਰੁਪਏ ਨਾਲ ਪ੍ਰਾਜੈਕਟਾਂ ’ਤੇ ਕੰਮ ਜਾਰੀ : ਰਜ਼ੀਆ ਸੁਲਤਾਨਾ

ਏਜੰਸੀ

ਖ਼ਬਰਾਂ, ਪੰਜਾਬ

ਛੇ ਜ਼ਿਲਿ੍ਹਆਂ ’ਚ 1249 ਕਰੋੜ ਰੁਪਏ ਨਾਲ ਪ੍ਰਾਜੈਕਟਾਂ ’ਤੇ ਕੰਮ ਜਾਰੀ : ਰਜ਼ੀਆ ਸੁਲਤਾਨਾ

image

ਚੰਡੀਗੜ੍ਹ, 14 ਜਨਵਰੀ (ਭੁੱਲਰ) : ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਦੀ ਜਾਂਚ ਅਤੇ ਨਿਗਰਾਨੀ ਤੋਂ ਪਤਾ ਲੱਗਾ ਹੈ ਕਿ ਮਾਲਵਾ ਬੈਲਟ ਦੇ ਕੱੁਝ ਖੇਤਰ ਯੂਰੇਨੀਅਮ ਅਤੇ ਫ਼ਲੋਰਾਈਡ ਨਾਲ ਜਦੋਂਕਿ ਮਾਝੇ ਦੇ ਕੁੱਝ ਪਿੰਡ ਆਰਸੇਨਿਕ ਨਾਲ ਪ੍ਰਭਾਵਿਤ ਹਨ। ਹੁਣ ਤਕ, 815 ਆਬਾਦੀਆਂ ਆਰਸੈਨਿਕ, 319 ਆਬਾਦੀਆਂ ਫ਼ਲੋਰਾਈਡ ਅਤੇ 252 ਆਬਾਦੀਆਂ ਯੂਰੇਨੀਅਮ ਨਾਲ ਪ੍ਰਭਾਵਿਤ ਹਨ। ਰਾਜ ਦੇ ਅਜਿਹੇ ਖ਼ਰਾਬ ਪਾਣੀ ਵਾਲੇ ਪਿੰਡਾਂ ਨੂੰ ਸਾਫ਼ ਪਾਣੀ ਦੀ ਸਪਲਾਈ ਮੁਹਈਆ ਕਰਵਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਅਜਿਹੇ ਪਿੰਡਾਂ ਨੂੰ ਨਹਿਰਾਂ ਤੋਂ ਪਾਣੀ ਲੈ ਕੇ ਸਾਫ਼ ਪਾਣੀ ਸਪਲਾਈ ਕਰਨ ਨੂੰ ਤਰਜੀਹ ਦਿਤੀ ਜਾ ਰਹੀ ਹੈ। 
   ਪੰਜਾਬ ਨੇ ਛੇ ਜ਼ਿਲਿ੍ਹਆਂ ਮੋਗਾ, ਅੰਮਿ੍ਰਤਸਰ, ਤਰਨ ਤਾਰਨ, ਗੁਰਦਾਸਪੁਰ, ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਵਿਚ 11 ਨਹਿਰੀ-ਪਾਣੀ ਆਧਾਰਤ ਜਲ ਸਪਲਾਈ ਪ੍ਰਾਜੈਕਟ ਸ਼ੁੁਰੂ ਕੀਤੇ ਹਨ, ਜਿਨ੍ਹਾਂ ਵਿਚੋਂ ਮੋਗਾ ਜ਼ਿਲ੍ਹੇ ਦਾ ਪ੍ਰਾਜੈਕਟ ਇਸ ਮਹੀਨੇ ਚਾਲੂ ਹੋ ਜਾਵੇਗਾ ਅਤੇ ਬਾਕੀ 9 ਪ੍ਰਾਜੈਕਟ ਦਸੰਬਰ 2022 ਤਕ ਲਾਗੂ ਕਰ ਦਿਤੇ ਜਾਣਗੇ। ਇਨ੍ਹਾਂ ’ਚੋਂ ਇਕ ਪ੍ਰਾਜੈਕਟ ਮਾਰਚ, 2022 ਤਕ ਮੁਕੰਮਲ ਹੋ ਜਾਏਗਾ। ਇਹ ਪ੍ਰਾਜੈਕਟ ਮੁਕੰਮਲ ਹੋਣ ’ਤੇ ਮੋਗਾ, ਪਟਿਆਲਾ, ਫ਼ਤਿਹਗੜ੍ਹ ਸਾਹਿਬ, ਅੰਮਿ੍ਰਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲਿ੍ਹਆਂ ਦੇ ਤਕਰੀਬਨ 1200 ਪਿੰਡਾਂ ਨੂੰ ਸਾਫ਼ ਪਾਣੀ ਮੁਹਈਆ ਕਰਵਾਉਣਗੇ। ਵਿਭਾਗ ਵਲੋਂ ਖ਼ਰਾਬ ਪਾਣੀ ਵਾਲੇ ਪਿੰਡਾਂ ਵਿਚ ਕਮਿਊਨਿਟੀ ਵਾਟਰ ਟਰੀਟਮੈਂਟ ਪਲਾਂਟ/ਆਰ.ਓ. ਪਲਾਂਟ ਲਗਾ ਕੇ ਲੋਕਾਂ ਨੂੰ ਸਾਫ਼ ਪਾਣੀ ਮੁਹਈਆ ਦੇ ਯਤਨ ਵੀ ਕੀਤੇ ਜਾ ਰਹੇ ਹਨ। ਇਸ ਬਾਬਤ ਜਾਣਕਾਰੀ ਦਿੰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਦਸਿਆ ਕਿ ਸੂਬਾ ਸਰਕਾਰ ਵਲਂੋ ਪੇਂਡੂ ਲੋਕਾਂ ਨੂੰ ਸ਼ੁੱਧ ਪਾਣੀ ਦੀ ਸਹੂਲਤ ਮੁਹਈਆ ਕਰਵਾਉਣ ਲਈ ਵਿਸ਼ੇਸ਼ ਤੌਰ ’ਤੇ ਧਿਆਨ ਦਿਤਾ ਜਾ ਰਿਹਾ ਹੈ। ਨਹਿਰੀ ਪਾਣੀ ਅਧਾਰਤ ਮੋਗਾ, ਪਟਿਆਲਾ, ਫ਼ਤਿਹਗੜ੍ਹ ਸਾਹਿਬ, ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲਿ੍ਹਆਂ ਵਿਚ 11 ਪ੍ਰਾਜੈਕਟ ਚੱਲ ਰਹੇ ਹਨ ਜਿਨ੍ਹਾਂ ਦੀ ਕੁੱਲ ਲਾਗਤ 1249 ਕਰੋੜ ਰੁਪਏ ਹੈ।
 ਇਨ੍ਹਾਂ ਪ੍ਰਾਜੈਕਟਾਂ ਦੇ ਪੂਰਾ ਹੋ ਜਾਣ ਨਾਲ ਕੁੱਲ 1205 ਪਿੰਡਾਂ ਦੇ 3 ਲੱਖ 9 ਹਜ਼ਾਰ 302 ਘਰਾਂ ਨੂੰ ਲਾਭ ਪੁੱਜੇਗਾ।