ਪਾਰਟੀ ਵਲੋਂ ਟਿਕਟ ਕੱਟੇ ਜਾਣ ਮਗਰੋਂ ਕਾਂਗਰਸੀ ਵਿਧਾਇਕ ਹਰਜੋਤ ਕਮਲ ਭਾਜਪਾ ’ਚ ਹੋਏ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਜੋਤ ਕਮਲ ਨੂੰ ਚੰਡੀਗੜ੍ਹ ਵਿਚ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰ ਆਗੂਆਂ ਦੀ ਅਗਵਾਈ ਵਿਚ ਭਾਜਪਾ ’ਚ ਸ਼ਾਮਲ ਕੀਤਾ ਗਿਆ ਹੈ।

Harjot Kamal joins BJP

ਚੰਡੀਗੜ੍ਹ : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਕਾਂਗਰਸ ਪਾਰਟੀ ਵਲੋਂ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ ਅਤੇ ਇਸ ਵਿਚ ਮੋਗਾ ਤੋਂ ਮੌਜੂਦਾ ਵਿਧਾਇਕ ਹਰਜੋਤ ਕਮਲ ਦੀ ਟਿਕਟ ਕੱਟ ਕੇ ਉਥੋਂ ਹਾਲ ਹੀ ਵਿਚ ਪਾਰਟੀ ਦਾ ਹਿੱਸਾ ਬਣੇ ਮਾਲਵਿਕਾ ਸੂਦ ਨੂੰ ਟਿਕਟ ਦੇ ਦਿਤੀ ਗਈ ਹੈ।  ਇਸ ਦੇ ਚਲਦਿਆਂ ਹੀ ਵਿਧਾਇਕ ਹਰਜੋਤ ਕਮਲ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ ਹਨ।

ਹਰਜੋਤ ਕਮਲ ਨੂੰ ਚੰਡੀਗੜ੍ਹ ਵਿਚ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰ ਆਗੂਆਂ ਦੀ ਅਗਵਾਈ ਵਿਚ ਭਾਜਪਾ ’ਚ ਸ਼ਾਮਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮਾਲਵਿਕਾ ਸੂਦ ਦੇ ਪਾਰਟੀ ਵਿਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਦੀ ਹਲਕੇ ਤੋਂ ਟਿਕਟ ਪੱਕੀ ਹੋਣ ਦੀਆਂ ਕਿਆਸਰਾਈਆਂ ਦੇ ਚਲਦਿਆਂ ਹਰਜੋਤ ਕਮਲ ਮੋਗਾ ਦੀ ਸੀਟ ’ਤੇ ਲਗਾਤਾਰ ਦਾਅਵੇਦਾਰੀ ਜਤਾ ਰਹੇ ਸਨ ਅਤੇ ਮਾਲਵਿਕਾ ਸੂਦ ਦਾ ਵਿਰੋਧ ਵੀ ਕਰਦੇ ਵੀ ਨਜ਼ਰ ਆਏ। 

ਇਹ ਵੀ ਦੱਸ ਦੇਈਏ ਕਿ ਉਹ ਬੀਤੇ ਦਿਨੀ ਆਪਣੀ ਸੀਟ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਨੂੰ ਵੀ ਮਿਲੇ ਸਨ ਜਿਥੇ ਉਨ੍ਹਾਂ ਨਾਲ ਹਲਕੇ ਦੇ ਕਈ ਨੁਮਾਇੰਦੇ ਵੀ ਆਏ ਸਨ। ਇਸ ਤੋਂ ਇਲਾਵਾ ਕਾਂਗਰਸ ਹਾਈਕਮਾਨ ਨੇ ਹਰਜੋਤ ਕਮਲ ਨੂੰ ਮਨਾਉਣ ਲਈ ਦਿੱਲੀ ਵੀ ਸੱਦਿਆ ਸੀ ਗੱਲਬਾਤ ਰਾਹੀਂ ਉਨ੍ਹਾਂ ਨੂੰ ਮਨਾਉਣ ਦਾ ਯਤਨ ਵੀ ਕੀਤਾ ਸੀ।

ਇਸ  ਦੌਰਾਨ ਜਿਵੇਂ ਹੀ ਕਾਂਗਰਸ ਹਾਈਕਮਾਨ ਵਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਅਤੇ ਮੋਗਾ ਤੋਂ ਮਾਲਵਿਕਾ ਸੂਦ ਨੂੰ ਉਮੀਦਵਾਰ ਐਲਾਨਿਆ ਗਿਆ ਤਾਂ ਇਸ ਐਲਾਨ ਦੇ ਕੁੱਝ ਘੰਟਿਆਂ ਬਾਅਦ ਹੀ ਵਿਧਾਇਕ ਹਰਜੋਤ ਕਮਲ ਨੇ ਕਾਂਗਰਸ ਨੂੰ ਅਲਵਿਦ ਆਖਦਿਆਂ ਭਾਜਪਾ ਦਾ ਪੱਲਾ ਫੜ ਲਿਆ ਹੈ।