ਜਗਦੀਸ਼ ਭੋਲਾ ਦੇ ਬਿਆਨ ਹੀ ਮਜੀਠੀਆ ਦੀ ਗਲੇ ਦੀ ਹੱਡੀ ਬਣੇ ਹੋਏ ਹਨ : ਵੇਰਕਾ

ਏਜੰਸੀ

ਖ਼ਬਰਾਂ, ਪੰਜਾਬ

ਜਗਦੀਸ਼ ਭੋਲਾ ਦੇ ਬਿਆਨ ਹੀ ਮਜੀਠੀਆ ਦੀ ਗਲੇ ਦੀ ਹੱਡੀ ਬਣੇ ਹੋਏ ਹਨ : ਵੇਰਕਾ

image

ਚੰਡੀਗੜ੍ਹ, 14 ਜਨਵਰੀ (ਭੁੱਲਰ) : ਪੰਜਾਬ ਦੇ ਕੈਬਨਿਟ ਮੰਤਰੀ ਡਾ: ਰਾਜ ਕੁਮਾਰ ਵੇਰਕਾ ਨੇ ਮਜੀਠੀਆ ਡਰੱਗ ਮਾਮਲੇ ‘ਤੇ ਬਾਦਲ ਪਰਿਵਾਰ ਸਮੇਤ ਕੇਂਦਰ ਦੀ ਭਾਜਪਾ ਦੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜਦੋਂ ਡਰੱਗ ਦਾ ਮੁੱਦਾ ਆਇਆ ਤਾਂ ਕੇਂਦਰ ‘ਚ ਭਾਜਪਾ ਦੀ ਸਰਕਾਰ ਸੀ, ਉਨ੍ਹਾਂ ਦੀ ਭੈਣ ਕੇਂਦਰ ‘ਚ ਮੰਤਰੀ ਸੀ। ਜੀਜਾ ਪੰਜਾਬ ਦੇ ਗ੍ਰਹਿ ਮੰਤਰੀ ਸਨ। ਅੱਜ ਵਰਚੂਅਲ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਡਾ: ਵੇਰਕਾ ਨੇ ਕਿਹਾ ਕਿ ਡਰੱਗ ਮਾਮਲੇ ‘ਚ ਫਸੇ ਜਗਦੀਸ ਭੋਲਾ ਦੇ ਬਿਆਨ ਬਿਕਰਮ ਮਜੀਠੀਆ ਦੇ ਗਲੇ ਦੀ ਹੱਡੀ ਬਣੇ ਹੋਏ ਹਨ। ਵਜ਼ੀਫ਼ਾ ਘੁਟਾਲਾ ਮਾਮਲੇ ’ਤੇ ਡਾ: ਵੇਰਕਾ ਨੇ ਕਿਹਾ ਕਿ ਦਲਿਤ ਲੋਕਾਂ ਨਾਲ ਧੋਖਾ ਨਹੀਂ ਕੀਤਾ ਜਾਵੇਗਾ, ਘੁਟਾਲੇ ਵਿਚ ਸ਼ਾਮਲ ਲੋਕਾਂ ਨੂੰ ਮੁਆਫ਼ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੱਲ ਰਹੇ ਸਿਆਸੀ ਜਨੂੰਨ ’ਤੇ ਡਾ: ਵੇਰਕਾ ਨੇ ਕਿਹਾ ਕਿ ਕਾਂਗਰਸ ਚਾਂਦੀ ਦਾ ਸਿੱਕਾ ਹੈ ਤੇ ਦੂਜੇ ਪਾਸੇ ਪੰਜਾਬ ਵਿਚ ਚਿੱਲੜ ਪਾਰਟੀ ਹੈ। ਇਹ ਇਕ ਅਜਿਹੀ ਪਾਰਟੀ ਹੈ ਜਿਹੜੀ ਖੱਬੇ-ਸੱਜੇ ਤੋਂ ਇੱਟਾਂ-ਪੱਥਰ ਇਕੱਠੇ ਕਰ ਕੇ ਕਬੀਲਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਾਂਝੀ ਲੀਡਰਸ਼ਿਪ ਨਾਲ ਚੋਣ ਮੈਦਾਨ ਵਿਚ ਹੈ। ਅਪਣੇ ਮੰਤਰਾਲੇ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਡਾ: ਵੇਰਕਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਅੱਜ ਪੰਜਾਬ ਦੀ ਪਟਿਆਲਾ ਲੈਬ ਨੂੰ ਕੋਵਿਡ ਟੈਸਟ ਵਿਚ ਦੇਸ਼ ਭਰ ਵਿਚ ਪਹਿਲੇ ਨੰਬਰ ’ਤੇ ਰਖਿਆ ਹੈ। ਅਤੇ ਕਰੋਨਾ ਦੀ ਦੂਸਰੀ ਲਹਿਰ ਦੌਰਾਨ ਪੰਜਾਬ ਸਰਕਾਰ ਕੋਵਿਡ ਦੇ ਇਲਾਜ ਵਿੱਚ ਪੂਰੇ ਦੇਸ ਵਿਚ ਪਹਿਲੇ ਨੰਬਰ ’ਤੇ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਬਹੁ-ਮੁੱਲ ਬੁਨਿਆਦੀ ਢਾਂਚਾ ਯੋਜਨਾਵਾਂ ਵਿਚ ਪੂਰੇ ਦੇਸ਼ ਵਿਚ ਸਭ ਤੋਂ ਅੱਗੇ ਹੈ। ਇਸ ਤੋਂ ਇਲਾਵਾ ਉਨ੍ਹਾਂ ਦਸਿਆ ਕਿ ਮਿਡ ਡੇਅ ਮੁਲਾਜ਼ਮਾਂ ਦਾ ਭੱਤਾ 3000 ਰੁਪਏ ਕਰ ਦਿਤਾ ਗਿਆ ਹੈ ਅਤੇ ਇਸ ਦੀ ਮਿਆਦ 10 ਮਹੀਨੇ ਤੋਂ ਵਧਾ ਕੇ 12 ਮਹੀਨੇ ਕਰ ਦਿਤੀ ਗਈ ਹੈ। 21418 ਆਸਾ ਮੁਲਾਜ਼ਮਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਭੱਤਾ ਦਿਤਾ ਗਿਆ। ਫ਼ਰੀਦਕੋਟ, ਲੁਧਿਆਣਾ, ਪਟਿਆਲਾ ਵਿਖੇ ਮੈਡੀਕਲ ਕਾਲਜਾਂ ਨੂੰ ਅਪਗ੍ਰੇਡ ਕਰ ਕੇ ਸਿਹਤ ਸੇਵਾਵਾਂ ਅਤੇ ਸਿਖਿਆ ਵਿਚ ਸੁਧਾਰ ਕੀਤਾ ਗਿਆ।