ਹਾਕਮ ਜਮਾਤ ਨੇ ਪੰਜਾਬ ਵਿਚ ਜਨਮ ਲੈਣ ਵਾਲਾ ਹਰ ਬੱਚਾ ਵੀ ਕਰਜ਼ਈ ਕੀਤਾ : ਭਗਵੰਤ ਮਾਨ

ਏਜੰਸੀ

ਖ਼ਬਰਾਂ, ਪੰਜਾਬ

ਹਾਕਮ ਜਮਾਤ ਨੇ ਪੰਜਾਬ ਵਿਚ ਜਨਮ ਲੈਣ ਵਾਲਾ ਹਰ ਬੱਚਾ ਵੀ ਕਰਜ਼ਈ ਕੀਤਾ : ਭਗਵੰਤ ਮਾਨ

image

ਕਿਹਾ, ਕਾਂਗਰਸ ਅਤੇ ਬਾਦਲਾਂ ਨੇ 3 ਲੱਖ ਕਰੋੜ ਤੋਂ ਵੱਧ ਦੇ ਕਰਜ਼ੇ ’ਚ ਡੋਬਿਆ ਪੰਜਾਬ

ਚੰਡੀਗੜ੍ਹ, 14 ਜਨਵਰੀ (ਨਰਿੰਦਰ ਸਿੰਘ ਝਾਂਮਪੁਰ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ, ‘‘ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਖਾਲੀ ਖਜ਼ਾਨਾ ਭਰਿਆ ਜਾਵੇਗਾ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਦਿਤੀਆਂ ਗਰੰਟੀਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਸੂਬੇ ਦਾ ਪੰਜਾਬ ਸਿਰ ਚੜਿ੍ਹਆ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਵੀ ਉਤਾਰਿਆ ਜਾਵੇਗਾ।’’ 
ਮਾਨ ਨੇ ਇਹ ਦਾਅਵਾ ਪਾਰਟੀ ਦੇ ਮੁੱਖ ਦਫ਼ਤਰ ਵਿਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਕਰਜ਼ੇ ਵਿਚ ਡੁਬਦਾ ਜਾ ਰਿਹਾ ਹੈ, ਪਰ ਪੰਜਾਬ ’ਤੇ ਰਾਜ ਕਰਨ ਵਾਲੇ ਆਗੂਆਂ ਦਾ ਖ਼ਜ਼ਾਨਾ ਅਤੇ ਜਾਇਦਾਦ ਵਧਦੀ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ, ‘‘ਅੱਜ ਪੰਜਾਬ ਸਿਰ ਤਿੰਨ ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈ ਅਤੇ ਪੰਜਾਬ ਦੀ ਆਬਾਦੀ ਵੀ ਤਿੰਨ ਕਰੋੜ ਹੈ। ਇਸ ਤਰ੍ਹਾਂ ਹਰੇਕ ਪੰਜਾਬੀ ਦੇ ਸਿਰ ਇਕ ਲੱਖ ਦਾ ਕਰਜ਼ਾ ਹੈ, ਮਤਲਬ ਪੰਜਾਬ ਵਿਚ ਜਨਮ ਲੈਣ ਵਾਲਾ ਹਰ ਬੱਚਾ ਕਰਜ਼ਈ ਪੈਦਾ ਹੋ ਰਿਹਾ ਹੈ। ਇਹ ਕਿਵੇਂ ਹੋਇਆ? ਜਦਕਿ ਪੰਜਾਬ ਦੇ ਲੋਕ ਈਮਾਨਦਾਰੀ ਨਾਲ ਟੈਕਸ ਦੇ ਰਹੇ ਹਨ।’’ 
ਉਨ੍ਹਾਂ ਕਿਹਾ ਕਿ ਪੰਜਾਬ ’ਤੇ ਰਾਜ ਕਰਦੇ ਆ ਰਹੇ ਘਰਾਣਿਆਂ ਅਤੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਆਗੂਆਂ ਦੀ ਜਾਇਦਾਦ ਲਗਾਤਾਰ ਵੱਧ ਰਹੀ ਹੈ। ਹਾਕਮ ਧਿਰ ਦੇ ਆਗੂਆਂ ਨੇ ਪੰਜ ਅਤੇ ਸੱਤ ਤਾਰਾ ਵੱਡੇ- ਵੱਡੇ ਹੋਟਲ, ਮਹਿਲ-ਮੁਨਾਰੇ ਅਤੇ ਸ਼ਾਪਿੰਗ ਮਾਲ ਉਸਾਰ ਲਏ ਹਨ, ਜੋ ਸਾਨੂੰ ਨਜ਼ਰ ਆ ਰਹੇ ਹਨ। ਇਸ ਤੋਂ ਬਿਨਾਂ ਵਿਦੇਸ਼ਾਂ ’ਚ ਜ਼ਮੀਨਾਂ, ਇਮਾਰਤਾਂ ਖਰੀਦਣ ਸਮੇਤ ਵਿਦੇਸ਼ੀ ਬੈਂਕਾਂ ਵਿਚ ਖਾਤੇ ਵਧਾ ਲਏ ਹਨ, ਜੋ ਸਾਨੂੰ ਦਿਸਦੇ ਹੀ ਨਹੀਂ। ਲੀਡਰਾਂ ਦੀਆਂ ਬਸਾਂ ਦੀ ਗਿਣਤੀ ਸੈਂਕੜਿਆਂ ’ਚ ਵੱਧ ਗਈ ਹੈ, ਜਦੋਂ ਕਿ ਸਰਕਾਰੀ ਬਸਾਂ ਅਤੇ ਰੂਟਾਂ ਦੀ ਗਿਣਤੀ ਬਹੁਤ ਘੱਟ ਗਈ ਹੈ। ਪੰਜਾਬ ਦੇ ਇਨ੍ਹਾਂ ਸੱਤਾਧਾਰੀ ਦਲਾਂ ਦਾ ਇਕ ਵੀ ਆਗੂ ਗ਼ਰੀਬ ਨਹੀਂ ਹੋਇਆ, ਕਿਉਂਕਿ ਮਾਫ਼ੀਆ ਰਾਜ ਰਾਹੀਂ ਇਨ੍ਹਾਂ ਭ੍ਰਿਸ਼ਟਾਚਾਰੀਆਂ ਨੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਨੂੰ ਵਾਰੀ ਬੰਨ੍ਹ ਕੇ ਲੁਟਿਆ ਹੈ। 
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਬਹੁਪੱਖੀ ਅਤੇ ਵਿਆਪਕ ਯੋਜਨਾ ਤਿਆਰ ਹੈ। ਪੰਜਾਬ ਸਿਰ ਚੜ੍ਹੇ 3 ਲੱਖ ਕਰੋੜ ਤੋਂ ਵੱਧ ਦੇ ਕਰਜ਼ੇ ਨੂੰ ਉਤਾਰਨ ਦੇ ਨਾਲ-ਨਾਲ ਖੇਤੀਬਾੜੀ ਦੇ ਵਿਕਾਸ, ਉਦਯੋਗਾਂ ਦੀ ਤਰੱਕੀ ਸਮੇਤ ਸਰਕਾਰੀ ਸਿਖਿਆ ਤੇ ਇਲਾਜ ਲਈ ਲੋਕਪੱਖੀ ਨੀਤੀਆਂ ਤਿਆਰ ਕਰ ਲਈਆਂ ਹਨ। ਜਿਵੇਂ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਨੂੰ ਬੰਦ ਕੀਤਾ ਅਤੇ ਅੱਜ ਦਿੱਲੀ ਦਾ ਖ਼ਜ਼ਾਨਾ 26 ਹਜ਼ਾਰ ਕਰੋੜ ਤੋਂ ਵੱਧ ਕੇ 69 ਹਜ਼ਾਰ ਕਰੋੜ ਦਾ ਹੋ ਗਿਆ ਹੈ, ਜਿਸ ਕਾਰਨ ਅੱਜ ਕੇਜਰੀਵਾਲ ਸਰਕਾਰ ਦਿਲ ਖੋਲ੍ਹ ਕੇ ਦਿੱਲੀ ਦੇ ਲੋਕਾਂ ਨੂੰ ਸਹੂਲਤਾਂ ਦੇ ਰਹੀ ਹੈ। ਇਸੇ ਨੀਅਤ ਅਤੇ ਨੀਤੀ ਨਾਲ ਪੰਜਾਬ ਅਤੇ ਪੰਜਾਬੀਆਂ ਦੀ ਕਾਇਆ ਕਲਪ ਕੀਤੀ ਜਾਵੇਗੀ।
ਭਗਵੰਤ ਮਾਨ ਨੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਨੂੰ ਬਚਾਉਣ ਦਾ ਖਾਕਾ ਪੇਸ਼ ਕਰਦਿਆਂ ਕਿਹਾ, ‘‘ਪੰਜਾਬ ਦੇ 1 ਲੱਖ 68 ਹਜ਼ਾਰ ਕਰੋੜ ਦੇ ਖਜ਼ਾਨੇ ਵਿਚੋਂ ਹਰ ਸਾਲ 30 ਤੋਂ 35 ਹਜ਼ਾਰ ਕਰੋੜ ਰੁਪਏ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਰਾਹੀਂ ਲੁੱਟੇ ਜਾ ਰਹੇ ਹਨ, ਜਿਸ ਨੂੰ ‘ਆਪ’ ਦੀ ਸਰਕਾਰ ਪਹਿਲੇ ਹੱਲੇ ਬੰਦ ਕਰੇਗੀ। ਰੇਤ ਮਾਫ਼ੀਆ ਵਲੋਂ 20 ਹਜ਼ਾਰ ਕਰੋੜ ਦਾ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਇਆ ਜਾਂਦਾ ਹੈ, ਜੋ ਪੰਜ ਸਾਲਾਂ ਵਿਚ ਇਕ ਲੱਖ ਕਰੋੜ ਰੁਪਏ ਦਾ ਬਣ ਜਾਂਦਾ ਹੈ। ਇਸੇ ਤਰ੍ਹਾਂ ਟਰਾਂਸਪੋਰਟ, ਐਕਸਾਇਜ਼ ਅਤੇ ਜ਼ਮੀਨਾਂ ਦੀ ਲੁੱਟ ਨੂੰ ਬੰਦ ਕੀਤਾ ਜਾਵੇਗਾ ਅਤੇ ਵਿੱਤੀ ਸਾਧਨਾਂ ਬਾਰੇ ਲੋਕ ਹਿਤੈਸ਼ੀ ਨੀਤੀਆਂ ਨੂੰ ਲਾਗੂ ਕੀਤਾ ਜਾਵੇਗਾ।’’
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਤਰੱਕੀ, ਖ਼ੁਸ਼ਹਾਲੀ ਅਤੇ ਚੜ੍ਹਦੀ ਕਲਾ ਲਈ ਕੇਂਦਰ ਸਰਕਾਰ ਸਮੇਤ ਹੋਰ ਭਾਰਤੀ ਸੰਸਥਾਵਾਂ ਨਾਲ ਮਿਲ ਕੇ ਕੰਮ ਕਰੇਗੀ। ਕੇਂਦਰ ਸਰਕਾਰ ਤੋਂ ਜਿਹੜੀ ਚੀਜ਼ ਜਾਂ ਨੀਤੀ ਦੀ ਪੰਜਾਬ ਲਈ ਲੋੜ ਹੋਵੇਗੀ, ਉਸ ਲਈ ਹੱਥ ਬੰਨ ਕੇ ਸਹਿਯੋਗ ਲਿਆ ਜਾਵੇਗਾ। 
ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਦੀ ਸਰਕਾਰ ਵਲੋਂ ਪੰਜਾਬ ਵਿਚ ਭ੍ਰਿਸ਼ਟਾਚਾਰ, ਗੁੰਡਾਗਰਦੀ ਅਤੇ ਤਾਨਾਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਬਦਲਾਖ਼ੋਰੀ ਕਰਨਾ ਅਤੇ ਜਾਣਬੁੱਝ ਕੇ ਵਿਰੋਧੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਪਾਰਟੀ ਦੇ ਸਿਧਾਂਤ ਵਿੱਚ ਹੀ ਨਹੀਂ ਹੈ। ਇਸ ਲਈ ‘ਆਪ’ ਪੰਜਾਬ ਨੂੰ ਖੁਸ਼ਹਾਲ, ਵਿਕਸਤ ਅਤੇ ਸ਼ਾਂਤਮਈ ਸੂਬਾ ਬਣਾਉਣ ਲਈ ਵਚਨਬੱਧ ਹੈ।
ਐਸਏਐਸ-ਨਰਿੰਦਰ-14-3