ਜਦੋਂ ਵਟੋ-ਵੱਟ ਜਾ ਕੇ ਕਿਸਾਨਾਂ ਨੂੰ ਮਿਲੇ ਕੇਜਰੀਵਾਲ ਤੇ ਭਗਵੰਤ ਮਾਨ

ਏਜੰਸੀ

ਖ਼ਬਰਾਂ, ਪੰਜਾਬ

ਜਦੋਂ ਵਟੋ-ਵੱਟ ਜਾ ਕੇ ਕਿਸਾਨਾਂ ਨੂੰ ਮਿਲੇ ਕੇਜਰੀਵਾਲ ਤੇ ਭਗਵੰਤ ਮਾਨ

image

ਚਮਕੌਰ ਸਾਹਿਬ, 14 ਜਨਵਰੀ (ਪ.ਪ.) : ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਹਲਕੇ ਸ੍ਰੀ ਚਮਕੌਰ ਸਾਹਿਬ ਦੇ ਇਕ ਪਿੰਡ ’ਚ ਪਹੁੰਚੇ, ਜਿਥੇ ਉਨ੍ਹਾਂ ਹਰੇ-ਭਰੇ ਖੇਤਾਂ ’ਚ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਸਮੇਂ ਕਿਸਾਨਾਂ ਨੂੰ ਉਸ ਸਮੇਂ ਹੀ ਪਤਾ ਲੱਗਾ, ਜਦੋਂ ਦੋਵੇਂ ਆਗੂ ਕਿਸਾਨਾਂ ਦੇ ਸਾਹਮਣੇ ਪਹੁੰਚ ਗਏ। ਦੋਵੇਂ ਆਗੂ ਇਥੋਂ ਅੱਗੇ ਲੰਘ ਰਹੇ ਸਨ ਪਰ ਅਚਾਨਕ ਦੋਹਾਂ ਨੇ ਕਿਸਾਨਾਂ ਨੂੰ ਮਿਲਣ ਦਾ ਫ਼ੈਸਲਾ ਕੀਤਾ ਤੇ ਵਟੋ-ਵੱਟ ਤੁਰਦੇ-ਤੁਰਦੇ ਕਿਸਾਨਾਂ ਕੋਲ ਪਹੁੰਚ ਗਏ। ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਉਨ੍ਹਾਂ ਦੀ ਰਾਏ ਜਾਣੀ। 
ਗੱਲਬਾਤ ਦੌਰਾਨ ਕਿਸਾਨਾਂ ਨੇ ਕੇਜਰੀਵਾਲ ਨੂੰ ਦਸਿਆ ਕਿ ਦੋ-ਦੋ ਸਾਲ ਹੋ ਗਏ ਹਨ ਪਰ ਗੰਨੇ ਦਾ ਪੈਸਾ ਨਹੀਂ ਮਿਲਿਆ। ਇਸ ਵਾਰ ਵੀ ਕੁਦਰਤੀ ਆਫ਼ਤਾਂ ਕਾਰਨ ਤਕਰੀਬਨ ਸਾਰੀਆਂ ਫ਼ਸਲਾਂ ਖ਼ਰਾਬ ਹੋ ਗਈਆਂ ਹਨ ਪਰ ਕਿਸੇ ਨੇ ਸਾਰ ਨਹੀਂ ਲਈ। ਕਿਸਾਨਾਂ ਨੇ ਦਸਿਆ ਕਿ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਅਤੇ ਹਲਕੇ ਦੇ ਨੌਜਵਾਨ ਵਿਹਲੇ ਬੈਠੇ ਹਨ। ਕੇਜਰੀਵਾਲ ਦੇ ਪੁੱਛਣ ’ਤੇ ਕਿ ਇਸ ਵਾਰ ਵੋਟ ਕਿਸ ਨੂੰ ਪਾਉਣ ਜਾ ਰਹੇ ਹੋ ਤਾਂ ਕਿਸਾਨਾਂ ਨੇ ਕਿਹਾ ਕਿ ਇਸ ਵਾਰ ਜ਼ਰੂਰ ਬਦਲਾਅ ਕੀਤਾ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਪੰਜਾਬ ਵਿਚ ਕਦੇ ਤੀਜੀ ਧਿਰ ਨੂੰ ਉਠਣ ਨਹੀਂ ਦਿਤਾ। ਕਿਸਾਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਭਰੋਸਾ ਦਿਤਾ ਕਿ ਇਸ ਵਾਰ ਵੋਟ ‘ਆਪ’ ਨੂੰ ਪਾਉਣਗੇ। 
ਕੇਜਰੀਵਾਲ ਨੇ ਕਿਸਾਨਾਂ ਨੂੰ ਸਿਹਤ ਸਹੂਲਤਾਂ ਅਤੇ ਸਿਖਿਆ ਸਹੂਲਤਾਂ ਬਾਰੇ ਪੁਛਿਆ ਤਾਂ ਸਾਰਿਆਂ ਨੇ ਇਕਮਤ ਹੁੰਦਿਆਂ ਕਿਹਾ ਕਿ ਸੱਭ ਕੁੱਝ ਦਾ ਬੁਰਾ ਹਾਲ ਹੈ। ਕਿਸਾਨਾਂ ਨੇ ਕਿਸਾਨ ਅੰਦੋਲਨ ਸਮੇਂ ਦਿੱਲੀ ਦੇ ਬਾਰਡਰਾਂ ’ਤੇ ਆਪ ਵਲੰਟੀਅਰਾਂ ਵਲੋਂ ਦਿਤੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। 
ਕੇਜਰੀਵਾਲ ਨੇ ਵੀ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਦਿੱਲੀ ਵਾਂਗ ਸ਼ਾਨਦਾਰ ਸਰਕਾਰੀ ਸਕੂਲ ਬਣਾਏ ਜਾਣਗੇ ਤੇ ਨੌਜਵਾਨਾਂ ਨੂੰ ਨੌਕਰੀਆਂ ਦਿਤੀਆਂ ਜਾਣਗੀਆਂ।
ਫ਼ੋਟੋ : ਚਮਕੌਰ ਏ