ਅਬੋਹਰ ਪੁਲਿਸ ਹੱਥ ਲੱਗੇ ਲੁਟੇਰਾ ਗਿਰੋਹ ਦੇ 2 ਮੈਂਬਰ
ਪੁਲਿਸ ਨੇ ਦਾਅਵਾ ਕੀਤਾ ਕਿ ਬਾਕੀ ਦੋਵੇਂ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ...
ਅਬੋਹਰ- ਅਬੋਹਰ ਪੁਲਿਸ ਨੇ ਲੁਟੇਰਾ ਗਿਰੋਹ ਦੇ ਦੋ ਮੈਂਬਰ ਕਾਬੂ ਕੀਤੇ ਹਨ। ਜਾਣਕਾਰੀ ਦਿੰਦਿਆਂ ਨਗਰ ਥਾਣਾ ਇੰਚਾਰਜ ਇੰਸਪੈਕਟਰ ਪਰਮਜੀਤ ਕੁਮਾਰ ਨੇ ਦੱਸਿਆ ਕਿ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦੇ 2 ਮੈਂਬਰ ਜੱਜ ਉਰਫ਼ ਗਿੱਦੜੀ ਪੁੱਤਰ ਰਾਜਿੰਦਰ ਕੁਮਾਰ ਵਾਸੀ ਪਿੰਡ ਕਿੱਕਰ ਖੇੜਾ ਤੇ ਅਕਾਸ਼ਦੀਪ ਸਿੰਘ ਉਰਫ਼ ਹੈਪੀ ਪੁੱਤਰ ਬਲਤੇਜ ਸਿੰਘ ਵਾਸੀ ਕਿੱਕਰ ਖੇੜਾ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਜਦਕਿ ਉਸ ਦੇ ਦੋ ਸਾਥੀ ਕੱਟੂ ਉਰਫ਼ ਪ੍ਰਕਾਸ਼ ਪੁੱਤਰ ਬੱਗਾ ਸਿੰਘ ਅਤੇ ਸੁਨੀਲ ਉਰਫ਼ ਸ਼ੀਨੂੰ ਪੁੱਤਰ ਧਰਮ ਚੰਦ ਵਾਸੀ ਕਿੱਕਰ ਖੇੜਾ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।
ਪੁਲਿਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਕਾਬੂ ਕੀਤੇ ਗਏ ਦੋਵਾਂ ਨੌਜਵਾਨਾਂ ਨੇ ਪੁਰਾਣੀ ਫਾਜ਼ਿਲਕਾ ਰੋਡ 'ਤੇ ਸਥਿਤ ਪੈਟਰੋਲ ਪੰਪ ਦੇ ਮੈਨੇਜਰ ਤੋਂ 84 ਹਜ਼ਾਰ ਰੁਪਏ ਦੀ ਨਕਦੀ ਅਤੇ ਇੱਕ ਸੋਨੇ ਦੀ ਮੁੰਦਰੀ ਲੁੱਟਣ ਤੋਂ ਇਲਾਵਾ 4 ਜਨਵਰੀ ਨੂੰ ਕਈ ਸਬਜ਼ੀ ਵਿਕਰੇਤਾਵਾਂ ਨੂੰ ਲੁੱਟਣ ਦੀ ਗੱਲ ਕਬੂਲੀ ਹੈ ।
ਥਾਣਾ ਇੰਚਾਰਜ ਪਰਮਜੀਤ ਕੁਮਾਰ ਨੇ ਦੱਸਿਆ ਕਿ ਉਪਰੋਕਤ ਵਿਅਕਤੀ ਸਵੇਰੇ-ਸ਼ਾਮ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਨੇ ਦਾਅਵਾ ਕੀਤਾ ਕਿ ਬਾਕੀ ਦੋਵੇਂ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।