'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਹੋਏ ਮੂਸੇਵਾਲਾ ਦੇ ਪਿਤਾ, ਰਾਹੁਲ ਗਾਂਧੀ ਨੇ ਜੱਫ਼ੀ ਪਾ ਕੇ ਕੀਤਾ ਸੁਆਗਤ
ਅੱਜ ਦੀ ਯਾਤਰਾ 6 ਵਜੇ ਹੋਵੇਗੀ ਸਮਾਪਤ
ਜਲੰਧਰ - ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਅੱਜ ਜਲੰਧਰ ਸ਼ਹਿਰ ਦੇ ਖਾਲਸਾ ਕਾਲਜ ਤੋਂ ਸ਼ੁਰੂ ਹੋਈ। ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਜਲੰਧਰ ਵਿਚ ਦੁਪਹਿਰ ਨੂੰ ਦੇਵੀ ਤਲਾਬ ਮੰਦਿਰ ਪਹੁੰਚੇ ਸਨ ਜਿੱਥੇ ਉਹਨਾਂ ਨੇ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਸਿੱਧੇ ਯਾਤਰਾ ਲਈ ਰਵਾਨਾ ਹੋ ਗਏ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਕਾਰ ਖਾਲਸਾ ਕਾਲਜ ਪਹੁੰਚੀ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਰਾਹੁਲ ਗਾਂਧੀ ਕੋਲ ਲੈ ਕੇ ਗਏ, ਇਸ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਸਨ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋਏ ਹਨ। ਇਸ ਦੌਰਾਨ ਅਵਤਾਰ ਹੈਨਰੀ, ਬਾਵਾ ਹੈਨਰੀ ਵੱਲੋਂ ਰਾਹੁਲ ਗਾਂਧੀ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਇਸ ਮੌਕੇ ਵਰਕਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਰਾਹੁਲ ਗਾਂਧੀ ਦੀ ਅੱਜ ਦੀ ਯਾਤਰਾ ਨੂੰ ਜਲੰਧਰ ਵਿਚ ਭਰਵਾਂ ਹੁੰਗਾਰਾ ਮਿਲਿਆ। ਅੱਜ ਦੀ ਯਾਤਰਾ ਬੀ. ਐੱਸ. ਐੱਫ਼. ਚੌਂਕ ਜਲੰਧਰ, ਦੋਮੋਰੀਆ ਪੁਲ, ਪਠਾਨਕੋਟ ਚੌਂਕ, ਰੇਰੂ ਨੂਰਪੁਰ ਤੋਂ ਹੁੰਦੇ ਹੋਏ ਡੇਰਾ ਬੱਲਾ ਵਿਖੇ ਸ਼ਾਮ 6 ਵਜੇ ਸਮਾਪਤੀ ਹੋਵੇਗੀ।
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਬਣਾਏ ਸ਼ਡਿਊਲ ਮੁਤਾਬਕ ਰਾਹੁਲ ਗਾਂਧੀ ਨੇ ਜਲੰਧਰ ਵਿਚ ਪ੍ਰੈੱਸ ਕਾਨਫ਼ਰੰਸ ਕਰਨੀ ਸੀ ਪਰ ਫਿਰ ਸੰਤੋਖ ਸਿੰਘ ਚੌਧਰੀ ਦੀ ਮੌਤ ਕਰ ਕੇ ਪ੍ਰੈੱਸ ਕਾਨਫ਼ਰੰਸ ਰੱਦ ਕਰ ਦਿੱਤੀ ਗਈ। ਹੁਣ ਇਹ ਪ੍ਰੈੱਸ ਕਾਨਫ਼ਰੰਸ ਹੁਸ਼ਿਆਰਪੁਰ 'ਚ ਹੋਵੇਗੀ। ਇਸ ਤੋਂ ਇਲਾਵਾ ਜਲੰਧਰ ਵਿਚ ਸਫ਼ਰ ਦੌਰਾਨ ਕੋਈ ਡੀਜੇ ਵੀ ਨਹੀਂ ਵੱਜਿਆ।