ਭਿਆਨਕ ਸੜਕ ਹਾਦਸੇ ਨੇ ਬੁਝਾਏ ਤਿੰਨ ਘਰਾਂ ਦੇ ਚਿਰਾਗ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭੂਆ ਨੂੰ ਲੋਹੜੀ ਦੇ ਕੇ ਆ ਰਹੇ ਨੌਜਵਾਨ ਸਮੇਤ ਦੋਸਤਾਂ ਦੀ ਸੜਕ ਹਾਦਸੇ ਚ ਗਈ ਜਾਨ

Punjab News

ਤੇਜ਼ ਰਫ਼ਤਾਰ ਕਾਰ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ ਕਾਰਨ ਵਾਪਰਿਆ ਹਾਦਸਾ 

ਜੋਬਨਪ੍ਰੀਤ ਸਿੰਘ (24)
ਗੁਰਪ੍ਰੀਤ ਸਿੰਘ (23) 
ਸੰਦੀਪ ਸਿੰਘ (25)
ਪਿੰਡ ਮਾਲੋਵਾਲ, ਜੰਡਿਆਲਾ ਗੁਰੂ

 
ਜੰਡਿਆਲਾ ਗੁਰੂ: ਭੂਆ ਨੂੰ ਲੋਹੜੀ ਦੇਣ ਗਏ ਨੌਜਵਾਨ ਨਾਲ ਕੁਝ ਅਜਿਹਾ ਵਾਪਰਿਆ ਜੋ ਉਸ ਨੇ ਘਰੋਂ ਤੁਰਨ ਲੱਗੇ ਸੋਚਿਆ ਵੀ ਨਹੀਂ ਹੋਵੇਗਾ।ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਮਾਲੋਵਾਲ ਦੇ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਰਾਤ ਸਾਢੇ ਅੱਠ ਵਜੇ ਦੇ ਕਰੀਬ ਅੰਮ੍ਰਿਤਸਰ ਵੱਲੋਂ 3 ਨੌਜਵਾਨ ਮੋਟਰਸਾਈਕਲ ਸਵਾਰ ਪੀ ਬੀ 02 ਸੀ ਬੀ 1435 ’ਤੇ ਫਤਿਹਪੁਰ ਰਾਜਪੂਤਾਂ ਤੋਂ ਆਪਣੀ ਭੂਆ  ਨੂੰ ਲੋਹੜੀ ਦੇ ਕੇ ਵਾਪਸ ਪਰਤ ਰਹੇ ਸਨ ਕਿ ਅੱਡਾ ਡੱਡੂਆਣਾ ਦੇ ਨੇੜੇ ਲੱਕੜ ਆਰੇ ਦੇ ਸਾਹਮਣੇ ਤੇਜ਼ ਰਫ਼ਤਾਰ ਆ ਰਹੀ ਮਹਿੰਦਰਾ ਕਾਰ ਨਾਲ ਟੱਕਰ ਹੋ ਗਈ। ਗੱਡੀ ਦਾ  ਨੰਬਰ ਪੀ ਬੀ 02 ਡੀ ਬੀ 372 ਦੱਸਿਆ ਜਾ ਰਿਹਾ ਹੈ।

ਇਸ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਲੜਕਿਆਂ ’ਚੋਂ ਜੋਬਨਪ੍ਰੀਤ ਸਿੰਘ (24) ਪੁੱਤਰ ਸੁਖਚੈਨ ਸਿੰਘ ਮਾਲੋਵਾਲ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਗੁਰਪ੍ਰੀਤ ਸਿੰਘ (23) ਪੁੱਤਰ ਬਲਵਿੰਦਰ ਸਿੰਘ ਵਾਸੀ ਮਾਲੋਵਾਲ ਦੀ ਹਸਪਤਾਲ ਲਿਜਾਂਦਿਆਂ ਸਮੇਂ ਮੌਤ ਹੋ ਗਈ। ਤੀਜਾ ਨੌਜਵਾਨ ਸੰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਮਾਲੋਵਾਲ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ ਹੈ। ਕਾਰ ਚਾਲਕ ਮੌਕਾ ਵੇਖ ਕੇ ਫਰਾਰ ਹੋ ਗਿਆ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਫਰਾਰ ਮੁਲਜ਼ਮ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ।